ਆਈ ਸਰਜਨ ’ਤੇ ਗਲਤ ਆਪ੍ਰੇਸ਼ਨ ਕਰਨ ਦਾ ਦੋਸ਼

Friday, Mar 01, 2019 - 03:51 AM (IST)

ਆਈ ਸਰਜਨ ’ਤੇ ਗਲਤ ਆਪ੍ਰੇਸ਼ਨ ਕਰਨ ਦਾ ਦੋਸ਼
ਮੋਗਾ (ਸੰਦੀਪ)-ਸਿਹਤ ਵਿਭਾਗ ਦੇ ਸਥਾਨਕ ਜ਼ਿਲਾ ਪੱਧਰੀ ਸਿਵਲ ਹਸਪਤਾਲ ਤੋਂ ਰਿਟਾਇਰਡ ਦਰਜਾ ਚਾਰ ਕਰਮਚਾਰੀ ਪ੍ਰੇਮ ਕਟਾਰੀਆ ਨੇ ਸ਼ਹਿਰ ਦੇ ਨਾਮੀ ਆਈ ਸਪੈਸ਼ਲਿਸਟ ਮਹਿਲਾ ਸਰਜਨ ’ਤੇ ਉਸਦੀ ਪਤਨੀ ਦੀ ਖੱਬੀ ਅੱਖ ਦਾ ਗਲਤ ਆਪਰੇਸ਼ਨ ਕਰਨ ਦਾ ਕਥਿਤ ਦੋਸ਼ ਲਾਇਆ ਹੈ, ਜਿਸ ਤੋਂ ਬਾਅਦ ਉਸਦੀ ਪਤਨੀ ਕਮਲੇਸ਼ ਰਾਣੀ ਦੀ ਅੱਖ ਦੀ ਪੂਰੀ ਤਰ੍ਹਾਂ ਰੋਸ਼ਨੀ ਹੀ ਚਲੀ ਗਈ, ਜਿਸ ਨੂੰ ਲੈ ਕੇ ਪੀਡ਼ਤ ਪਰਿਵਾਰ ਵਲੋਂ ਅਖਿਲ ਭਾਰਤ ਆਜ਼ਾਦ ਕ੍ਰਾਂਤੀਕਾਰੀ ਦਲ ਰਜਿ. ਪੰਜਾਬ ਦੇ ਸੂਬਾ ਪ੍ਰਧਾਨ ਵੀਰ ਪ੍ਰਤਾਪ, ਅਸ਼ੋਕ ਗਿੱਲ, ਦਰਜਾ ਚਾਰ ਕਰਮਚਾਰੀ ਯੂਨੀਅਨ ਸਿਹਤ ਵਿਭਾਗ ਪੰਜਾਬ ਦੇ ਜਿਲਾ ਪ੍ਰਧਾਨ ਚਮਨ ਲਾਲ ਸੰਘੇਲੀਆ ਸਮੇਤ ਹੋਰ ਦਲ ਦੇ ਮੈਂਬਰਾਂ ਦੀ ਹਾਜ਼ਰੀ ’ਚ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਸਿਵਲ ਸਰਜਨ ਮੋਗਾ ਡਾ. ਅਰਵਿੰਦਰਪਾਲ ਸਿੰਘ ਗਿੱਲ ਨੂੰ ਦਿੱਤੀ ਹੈ ਅਤੇ ਨਾਲ-ਨਾਲ ਪੁਲਸ ਵਿਭਾਗ ਨੂੰ ਵੀ ਲਿਖਿਤ ਤੌਰ ਤੇ ਮਾਮਲੇ ਦੀ ਸ਼ਿਕਾਇਤ ਕਰਨ ਬਾਰੇ ਜਾਣਕਾਰੀ ਦਿੱਤੀ ਹੈ। ਦੂਜੇ ਪਾਸੇ ਕਮਲੇਸ਼ ਰਾਣੀ ਦਾ ਆਪ੍ਰੇਸ਼ਨ ਕਰਨ ਵਾਲੀ ਅੱਖਾਂ ਦੀ ਮਾਹਿਰ ਸਰਜਨ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਬੇਬੁਨਿਆਦ ਦੱਸਿਆ ਹੈ। ਮਾਮਲੇ ਦੀ ਜਾਣਕਾਰੀ ਪੀਡ਼ਤ ਕਮਲੇਸ਼ ਰਾਣੀ ਦੇ ਪਤੀ ਪ੍ਰੇਮ ਕਟਾਰੀਆ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦੀ ਖੱਬੀ ਅੱਖ ਦਾ ਆਪਰੇਸ਼ਨ ਨਾਮੀ ਆਈ ਸਰਜਨ ਡਾ. ਜਤਿੰਦਰ ਕੌਰ ਤੋਂ 9 ਫਰਵਰੀ 2019 ਨੂੰ ਕਰਵਾਇਆ ਸੀ, ਜਦੋਂ ਆਪ੍ਰੇਸ਼ਨ ਦੇ ਦੂਸਰੇ ਦਿਨ ਪੱਟੀ ਖੁਲ੍ਹਵਾਈ ਗਈ ਤਾਂ ਉਸਦੀ ਪਤਨੀ ਕਮਲੇਸ਼ ਰਾਣੀ ਦੀ ਇਹ ਅੱਖ ਦੇਖਣ ਵਿਚ ਬਿਲਕੁਲ ਨਕਾਰਾ ਹੋ ਗਈ। ਜਿਸ ’ਤੇ ਉਸ ਨੇ ਡਾਕਟਰ ਨੂੰ ਇਸ ਦਾ ਹੱਲ ਕਰਨ ਲਈ ਕਿਹਾ ਤਾਂ ਉਨ੍ਹਾਂ ਆਪਰੇਸ਼ਨ ਦੌਰਾਨ ਮਸ਼ੀਨ ਖਰਾਬ ਹੋ ਜਾਣ ਦੀ ਗੱਲ ਕਹਿ ਕੇ ਉਨ੍ਹਾਂ ਦੀ ਪਤਨੀ ਨੂੰ ਜਲੰਧਰ ਦੇ ਇਕ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾਂਚ ਲਈ ਭੇਜ ਦਿੱਤਾ ਗਿਆ ਪਰ ਉਨ੍ਹਾਂ ਕੋਲੋਂ ਵੀ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ’ਤੇ ਉਨ੍ਹਾਂ ਆਪਣੀ ਪਤਨੀ ਨੂੰ ਚੰਡੀਗਡ਼੍ਹ ਵੀ ਵਿਖਾਇਆ ਜਿੱਥੇ ਅੱਖ ਖਰਾਬ ਹੋਣ ਦਾ ਕਾਰਨ ਆਪ੍ਰੇਸ਼ਨ ਦਾ ਸਹੀ ਨਾ ਹੋਣਾ ਦੱਸਿਆ ਗਿਆ। ਜਿਸ ਬਾਰੇ ਅਸੀਂ ਵਾਪਸ ਆ ਕੇ ਡਾ. ਜਤਿੰਦਰ ਕੌਰ ਨੂੰ ਦੱਸਿਆ ਪਰ ਇਸ ਦਾ ਕੋਈ ਹੱਲ ਨਾ ਨਿਕਲਿਆ।

Related News