ਦੇਸ਼ ’ਚ ਵੱਧ ਰਹੇ ਜਬਰ-ਜ਼ਨਾਹ ਦੇ ਮਾਮਲੇ ਚਿੰਤਾਜਨਕ : ਡਾ. ਸੋਨੀਆ
Tuesday, Feb 26, 2019 - 03:46 AM (IST)

ਮੋਗਾ (ਰਾਜਵੀਰ)-ਦੇਸ਼ ’ਚ ਖਾਸ ਕਰ ਕੇ ਪੰਜਾਬ ’ਚ ਵੱਧ ਰਹੇ ਜਬਰ-ਜ਼ਨਾਹ ਦੇ ਮਾਮਲੇ ਬਹੁਤ ਚਿੰਤਾਜਨਕ ਗੱਲ ਹੈ, ਇਸ ਦੇ ਹੱਲ ਲਈ ਤੁਰੰਤ ਕਦਮ ਚੁੱਕਣੇ ਜਰੂਰੀ ਹਨ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉੱਘੀ ਸਮਾਜ ਸੇਵੀਕਾ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਸਵੀਡਨ ਦੀ ਪ੍ਰਧਾਨ ਡਾ. ਸੋਨੀਆ ਨੇ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ, ਫਕੀਰਾਂ, ਦੇਵੀ-ਦੇਵਤਿਆਂ ਦੀ ਧਰਤੀ ਹੈ ਅਤੇ ਇਸ ਦੇ ਵਸਨੀਕਾਂ ਨੇ ਹਮੇਸ਼ਾ ਹੀ ਮਜਲੂਮਾਂ ਦੀ ਰੱਖਿਆ ਕੀਤੀ ਹੈ। ਕਿਸੇ ਸਮੇਂ ਭਾਰਤ ’ਤੇ ਹਮਲਾ ਕਰਨ ਵਾਲੇ ਧਾਡ਼ਵੀ ਹਮਲਾਵਰਾਂ ਕੋਲੋਂ ਦੇਸ਼ ਦੀਆਂ ਬਹੂ -ਬੇਟੀਆਂ ਦੀ ਇੱਜ਼ਤ ਦੀ ਰਾਖੀ ਕਰਨ ਵਾਲੇ ਪੰਜਾਬ ’ਚ ਹੋ ਰਹੇ ਜਬਰ-ਜ਼ਨਾਹ, ਪੰਜਾਬ ਅਤੇ ਪੰਜਾਬੀਆਂ ਦੇ ਮੱਥੇ ’ਤੇ ਕਲੰਕ ਹਨ।
ਉਨ੍ਹਾਂ ਕਿਹਾ ਕਿ ਜਬਰ-ਜ਼ਨਾਹੀ ਬੀਮਾਰ ਮਾਨਸਿਕਤਾ ਵਾਲੇ ਜਾਨਵਰ ਬੁੱਧੀ ਦੇ ਲੋਕ ਹੁੰਦੇ ਹਨ, ਇਨ੍ਹਾਂ ਨਾਲ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸੰਸਦ ’ਚ ਮਤਾ ਪਾਸ ਕਰਵਾ ਕੇ ਕਾਨੂੰਨ ਬਣਾਉਣ ਕਿ ਜਬਰ-ਜ਼ਨਾਹ ਦੇ ਦੋਸ਼ੀ ਨੂੰ ਫਾਸਟ ਟਰੈਕ ਅਦਾਲਤਾ ਰਾਹੀ ਸਿਰਫ ਤਿੰਨ ਮਹੀਨਿਆ ’ਚ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਦੋਸ਼ੀ ਇਸ ਦੀ ਕਿਤੇ ਵੀ ਅਪੀਲ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਅੱਜ ਔਰਤ ਹਰ ਖੇਤਰ ’ਚ ਮਰਦਾਂ ਦੇ ਬਰਾਬਰ ਖਡ਼ੀ ਹੈ ਪਰ ਕੁਝ ਅਪਰਾਧੀ ਬਿਰਤੀ ਦੇ ਲੋਕ ਅੱਜ ਵੀ ਔਰਤ ਨੂੰ ਮਨੋਰੰਜਨ ਦਾ ਸਾਧਨ ਹੀ ਸਮਝਦੇ ਹਨ ਅਜਿਹੇ ਲੋਕਾਂ ਵਾਸਤੇ ਸਖਤ ਕਾਨੂੰਨ ਬਣਾਉਣ ਦੀ ਲੋਡ਼ ਹੈ।