ਰੋਜ਼ਗਾਰ ਮੇਲੇ ਬੇਰੋਜ਼ਗਾਰ ਨੌਜਵਾਨਾਂ ਲਈ ਸਹਾਈ ਸਿੱਧ ਹੋ ਰਹੇ ਹਨ : ਡੀ. ਸੀ

Friday, Feb 22, 2019 - 03:57 AM (IST)

ਰੋਜ਼ਗਾਰ ਮੇਲੇ ਬੇਰੋਜ਼ਗਾਰ ਨੌਜਵਾਨਾਂ ਲਈ ਸਹਾਈ ਸਿੱਧ ਹੋ ਰਹੇ ਹਨ : ਡੀ. ਸੀ
ਮੋਗਾ (ਗੋਪੀ ਰਾਊਕੇ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ‘ਘਰ-ਘਰ ਰੋਜ਼ਗਾਰ ਯੋਜਨਾ’ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿੱਤ ਸ਼ੁਰੂ ਕੀਤੇ ਗਏ ਰੋਜ਼ਗਾਰ ਮੇਲੇ ਬੇਰੋਜ਼ਗਾਰ ਨੌਜਵਾਨਾਂ ਲਈ ਸਹਾਈ ਸਿੱਧ ਹੋ ਰਹੇ ਹਨ। ਆਈ.ਟੀ.ਆਈ. ਮੋਗਾ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਦੇ ਚੌਥੇ ਦਿਨ ਤੱਕ ਕੁੱਲ 1,192 ਉਮੀਦਵਾਰਾਂ ਨੇ ਭਾਗ ਲਿਆ। ਇਸ ਜ਼ਿਲਾ ਪੱਧਰੀ ਰੋਜ਼ਗਾਰ ਮੇਲੇ ਦੌਰਾਨ ਪਹੁੰਚੀਆਂ ਵੱਖ-ਵੱਖ ਖੇਤਰਾਂ ਨਾਲ ਸਬੰਧਤ 49 ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ 741 ਸਿਖਿਆਰਥੀਆਂ ਦੀ ਯੋਗਤਾ ਦੇ ਆਧਾਰ ’ਤੇ ਚੋਣ ਕੀਤੀ ਗਈ ਤੇ 70 ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਇਸ ਤੋਂ ਇਲਾਵਾ 91 ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਈ.ਟੀ.ਆਈ. ਮੋਗਾ ਵਿਖੇ ਲਗਾਇਆ ਜਾ ਰਿਹਾ ਇਹ ਰੋਜ਼ਗਾਰ ਮੇਲਾ 21 ਫ਼ਰਵਰੀ ਨੂੰ ਵੀ ਚੱਲੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਚੌਥੇ ਦਿਨ ਰੋਜ਼ਗਾਰ ਮੇਲੇ ’ਚ 445 ਉਮੀਦਵਾਰਾਂ ਨੇ ਭਾਗ ਲਿਆ। ਇਸ ਮੌਕੇ ਪੁੱਜੀਆਂ ਪੁਖਰਾਜ ਹੈਲਥਕੇਅਰ, ਐੱਸ.ਆਈ.ਐੱਸ, ਭਾਰਤੀ ਜੀਵਨ ਬੀਮਾ ਨਿਗਮ, ਸੀ.ਐੱਸ.ਸੀ., ਮੈਕਨਹੈਮੇਟੇਜ, ਨੈਕਸਟਸਟੈਪ ਸਲਿਊਸ਼ਨ ਆਦਿ ਕੰਪਨੀਆਂ ਵੱਲੋਂ 10ਵੀਂ ਤੇ 12ਵੀਂ ਪਾਸ 327 ਉਮੀਦਵਾਰਾਂ ਦੀ ਐਡਵਾਈਜ਼ਰ, ਸਕਿਓਰਿਟੀ ਗਾਰਡ ਤੇ ਹੋਰ ਆਸਾਮੀਆਂ ਲਈ ਚੋਣ ਕੀਤੀ ਗਈ। ਇਸ ਦੇ ਨਾਲ ਹੀ ਅੱਜ 46 ਉਮੀਦਵਾਰਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 21 ਫ਼ਰਵਰੀ ਨੂੰ ਚੈਕਮੇਟ ਸਕਿਓਰਿਟੀ ਕੰਪਨੀ ਵੱਲੋਂ 10ਵੀਂ ਤੇ 12ਵੀਂ ਪਾਸ ਉਮੀਦਵਾਰਾਂ ਦੀ ਸਕਿਓਰਿਟੀ ਗਾਰਡਾਂ ਵਜੋਂ ਚੋਣ ਕੀਤੀ ਜਾਵੇਗੀ, ਜਦ ਕਿ ਆਰਤੀ ਇੰਟਰਨੈਸ਼ਨਲ ਕੰਪਨੀ ਵੱਲੋਂ 10ਵੀਂ ਤੇ 12ਵੀਂ ਪਾਸ ਇਸਤਰੀ ਉਮੀਦਵਾਰਾਂ ਨੂੰ ਧਾਗਾ ਮਸ਼ੀਨ ਆਪਰੇਟਰ ਵਜੋਂ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਆਈ.ਟੀ.ਆਈ. ਫਿਟਰ, ਡੀਜ਼ਲ ਮਕੈਨੀਕਲ ਤੇ ਵੈਲਡਰ ਦੀਆਂ ਆਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਬਤਰਾ ਨੇ ਰੋਜ਼ਗਾਰ ਮੇਲੇ ’ਚ ਪੁੱਜੇ ਨੌਜਵਾਨਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।

Related News