ਅਧਿਆਪਕਾਂ ਨੇ ਕੈਪਟਨ ਸਰਕਾਰ ਦਾ ਫੂਕਿਆ ਪੁਤਲਾ
Wednesday, Feb 13, 2019 - 04:17 AM (IST)

ਮੋਗਾ (ਰਾਕੇਸ਼, ਚਟਾਨੀ, ਮੁਨੀਸ਼)-ਬੀਤੀ 10 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਹੱਕ ’ਚ ਸ਼ਾਂਤੀਪੂਰਨ ਢੰਗ ਨਾਲ ਸੰਘਰਸ਼ ਕਰ ਰਹੇ ਪੰਜਾਬ ਭਰ ਦੇ ਅਧਿਆਪਕਾਂ ’ਤੇ ਪੁਲਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਅਤੇ ਪਾਣੀ ਦੀਆਂ ਬੌਛਾਡ਼ਾਂ ਮਾਰਨ ਨਾਲ ਸੈਂਕਡ਼ੇ ਅਧਿਆਪਕ ਜ਼ਖਮੀ ਹੋ ਗਏ, ਜਿਸ ਨਾਲ ਪੰਜਾਬ ਦੀ ਕਾਂਗਰਸ ਹਕੂਮਤ ਦਾ ਸਿੱਖਿਆ ਅਤੇ ਲੋਕ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ, ਇਸ ਦੇ ਵਿਰੁੱਧ ਅੱਜ ਬਲਾਕ ਬਾਘਾਪੁਰਾਣਾ ਦੇ ਵੱਡੀ ਗਿਣਤੀ ’ਚ ਇਕੱਠੇ ਹੋਏ ਅਧਿਆਪਕਾਂ, ਪੈਨਸ਼ਨਰਾਂ, ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਹੋਰ ਜਥੇਬੰਦੀਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਸ਼ਹਿਰ ਦੇ ਮੁੱਖ ਚੌਕ ’ਚ ਫੂਕਿਆ। ਬੁਲਾਰਿਆਂ ਹਰਫੂਲ ਸਿੰਘ, ਨਵਤੇਜ ਸਿੰਘ, ਸੁਖਵਿੰਦਰ ਘੋਲੀਆ, ਗੁਰਚਰਨ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਪੰਜਾਬ ਸਰਕਾਰ ਦੇ ਇਸ ਸ਼ਰਮਨਾਕ ਕਾਰੇ ਦੀ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਸਿੱਖਿਆ ਵਿਭਾਗਾਂ ’ਚ ਕੰਮ ਕਰਦੇ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਦੀਆਂ ਰੋਕੀਆਂ ਡੀ. ਏ. ਦੀਆਂ ਸਾਰੀਆਂ ਕਿਸ਼ਤਾਂ ਨਕਦ ਰੂਪ ’ਚ ਤੁਰੰਤ ਜਾਰੀ ਕੀਤੀਆਂ ਜਾਣ, ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਸੋਧੀਆਂ ਜਾਣ, ਸਕੂਲਾਂ ਨੂੰ ਨਿੱਜੀਕਰਨ ਦੇ ਰਾਹ ਧੱਕ ਰਹੀਆਂ ਨੀਤੀਆਂ ਵਾਪਸ ਲਈਆਂ ਜਾਣ, ਸਕੂਲਾਂ ’ਚ ਖਾਲੀ ਪਈਆਂ ਪੋਸਟਾਂ ਪੱਕੇ ਰੂਪ ’ਚ ਭਰੀਆਂ ਜਾਣ। ਇਸ ਮੌਕੇ ਸੁਖਮੰਦਰ ਸਿੰਘ, ਸਵਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਗੋਬਿੰਦ ਸਿੰਘ, ਦੀਪਇੰਦਰ ਸਿੰਘ, ਸ਼ਰਨਜੀਤ ਸਿੰਘ ਰਾਮ ਸਿੰਘ ਮੱਲਕੇ, ਕਮਲੇਸ਼ ਕੁਮਾਰ, ਅਜੀਤ ਸਿੰਘ ਡੈਮਰੂ, ਬਲਵੰਤ ਸਿੰਘ ਨੇ ਸੰਬੋਧਨ ਕੀਤਾ।