ਧਰਮਕੋਟ ਨੂੰ ਰੇਲਵੇ ਲਾਈਨ ਨਾਲ ਜੋੜਨ ਦੀ ਮੰਗ
Wednesday, Feb 13, 2019 - 04:17 AM (IST)

ਮੋਗਾ (ਸਤੀਸ਼)-ਧਰਮਕੋਟ, ਜੋ ਕਿ ਜ਼ਿਲਾ ਮੋਗਾ ਦੀ ਸਭ ਤੋਂ ਵੱਡੀ ਸਬ-ਡਵੀਜ਼ਨ ਹੈ। ਪਹਿਲਾਂ ਇਹ ਜ਼ਿਲਾ ਫਿਰੋਜ਼ਪੁਰ ਦੀ ਸਬ-ਤਹਿਸੀਲ ਸੀ। ਮੋਗਾ ਜ਼ਿਲਾ ਬਣਨ ਤੋਂ ਬਾਅਦ ਇਸ ਨੂੰ ਮੋਗਾ ਜ਼ਿਲੇ ਵਿਚ ਸ਼ਾਮਲ ਕੀਤਾ ਗਿਆ। ਜ਼ਿਲਾ ਫਿਰੋਜ਼ਪੁਰ ਵਿਚ ਹੋਣ ਸਮੇਂ ਵੀ ਇਹ ਸਬ-ਤਹਿਸੀਲ ਅਨੇਕਾਂ ਸਮੱਸਿਆਵਾਂ ਨਾਲ ਘਿਰੀ ਸੀ। ਅਜੇ ਤੱਕ ਧਰਮਕੋਟ ਨੂੰ ਰੇਲ ਲਾਈਨ ਨਾਲ ਨਹੀਂ ਜੋਡ਼ਿਆ ਗਿਆ। ਧਰਮਕੋਟ ਸਬ-ਡਵੀਜ਼ਨ ਜਿਸ ਵਿਚ ਚਾਰ ਕਾਨੂੰਗੋ ਹਲਕੇ ਕਿਸ਼ਨਪੁਰਾ, ਧਰਮਕੋਟ, ਕੋਟ ਈਸੇ ਖਾਂ, ਫਤਿਹਗਡ਼੍ਹ ਪੰਜਤੂਰ ਅਤੇ 150 ਦੇ ਕਰੀਬ ਪਿੰਡ ਲਗਦੇ ਹਨ। ਧਰਮਕੋਟ ਹਲਕੇ ਨਾਲ ਨਵੇਂ ਜੁਡ਼ੇ ਜ਼ਿਲਾ ਮੋਗਾ ਦੇ ਕੁਝ ਪਿੰਡਾਂ ਨੂੰ ਛੱਡ ਕੇ ਹਲਕੇ ਦੇ ਹੋਰ ਕਿਸੇ ਵੀ ਪਿੰਡ ਵਿਚ ਰੇਲਵੇ ਦੀ ਸਹੂਲਤ ਨਹੀਂ। ਮੁਲਕ ਨੂੰ ਆਜ਼ਾਦ ਹੋਇਆਂ ਤਕਰੀਬਨ 72 ਸਾਲ ਦੇ ਕਰੀਬ ਹੋ ਚੁੱਕੇ ਹਨ ਪਰ ਇਸ ਹਲਕੇ ਨੂੰ ਰੇਲਵੇ ਲਾਈਨ ਨਾਲ ਜੋਡ਼ੇ ਜਾਣ ਸਬੰਧੀ ਨਾ ਤਾਂ ਕੇਂਦਰ ਸਰਕਾਰ, ਰੇਲ ਵਿਭਾਗ ਅਤੇ ਨਾ ਹੀ ਪੰਜਾਬ ਸਰਕਾਰ ਨੇ ਕੋਈ ਉਪਰਾਲਾ ਕੀਤਾ। ਇਸ ਸਬੰਧੀ ਸ਼ਹਿਰ ਵਾਸੀ ਗੋਰਾ ਲਾਲ ਗਰੋਵਰ ਨੇ ਕਿਹਾ ਕਿ ਰੇਲ ਲਾਈਨ ਦੀ ਸਹੂਲਤ ਇਸ ਖੇਤਰ ਦੇ ਲੋਕਾਂ ਨੂੰ ਛੇਤੀ ਮਿਲਣੀ ਚਾਹੀਦੀ ਹੈ। ਇਸ ਸਬੰਧੀ ਵਿਭਾਗ ਮੋਗਾ ਤੋਂ ਜੋਗੇਵਾਲਾ ਲਾਈਨ ਨੂੰ ਜੋਡ਼ ਕੇ ਇਲਾਕਾ ਨਿਵਾਸੀਆਂ ਨੂੰ ਸਹੂਲਤਾਂ ਪ੍ਰਦਾਨ ਕਰੇ। ਰਮਨ ਕੁਮਾਰ ਜਿੰਦਲ ਪੰਜਾਬ ਆਗੂ ਸ਼ੈੱਲਰ ਐਸੋਸੀਏਸ਼ਨ ਨੇ ਕਿਹਾ ਕਿ ਸਰਕਾਰ ਧਰਮਕੋਟ ਹਲਕੇ ਨੂੰ ਰੇਲ ਲਾਈਨ ਨਾਲ ਜੋਡ਼ ਕੇ ਵਪਾਰੀ ਵਰਗ ਨੂੰ ਸਹੂਲਤ ਪ੍ਰਦਾਨ ਕਰੇ। ਮੰਗਤ ਰਾਮ ਗੋਇਲ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਧਰਮਕੋਟ ਨੇ ਕਿਹਾ ਕਿ ਧਰਮਕੋਟ ਹਲਕੇ ਦਾ ਰੇਲ ਲਾਈਨ ਨਾਲ ਜੁਡ਼ਨਾ ਅਜੋਕੇ ਸਮੇਂ ਦੀ ਮੁੱਖ ਮੰਗ ਹੈ। ਇਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਕਰਮਚੰਦ ਅਗਰਵਾਲ ਪ੍ਰਧਾਨ ਅਗਰਵਾਲ ਸਭਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਦੂਰ-ਦੁਰਾਡੇ ਜਾਣ ਲਈ ਰੇਲਵੇ ਵਾਸਤੇ ਹਲਕੇ ਤੋਂ ਕਈ ਕਿਲੋ ਮੀਟਰ ਦੂਰ ਮੋਗਾ ਜਾਂ ਸ਼ਾਹਕੋਟ ਜਾਂ ਲੁਧਿਆਣਾ, ਫਿਰੋਜ਼ਪੁਰ ਵਿਖੇ ਜਾ ਕੇ ਰੇਲ ਗੱਡੀ ਲੈਣੀ ਪੈਂਦੀ ਹੈ, ਜਿਸ ਕਾਰਨ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ। ਵਿਭਾਗ ਇਸ ਵੱਲ ਤੁਰੰਤ ਧਿਆਨ ਦੇਵੇ। ਡਾ. ਦਲਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਧਰਮਕੋਟ ਨੂੰ ਰੇਲ ਲਾਈਨ ਨਾਲ ਜੋਡ਼ਨ ਦੀ ਮੰਗ ਚਿਰਾਂ ਤੋਂ ਲਟਕਦੀ ਆ ਰਹੀ ਹੈ। ਸਰਕਾਰ ਇਸ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰੇ।