‘ਐਪਲ ਪਾਰਟੀ‘ ਰਾਹੀਂ ਵਿਦਿਆਰਥੀਆਂ ਨੂੰ ਦਿੱਤਾ ਫਲਾਂ ਦਾ ਸੇਵਨ ਕਰਨ ’ਤੇ ਜ਼ੋਰ
Wednesday, Feb 13, 2019 - 04:16 AM (IST)

ਮੋਗਾ (ਗੋਪੀ)-ਵਿੱਦਿਆਰਥੀਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਲਿਟਲ ਮਿਲੇਨੀਅਮ ਸਕੂਲ ਵੱਲੋਂ ਸਮੇਂ-ਸਮੇਂ ’ਤੇ ਗਤੀਵਿਧਿਆਂ ਦਾ ਆਯੋਜਨ ਕਰਕੇ ਬੱਚਿਆਂ ਨੂੰ ਮਨੋਰੰਜਨ ਦੇ ਢੰਗ ਨਾਲ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਇਸੇ ਤਹਿਤ ਅੱਜ ਸਕੂਲ ਡਾਇਰੈਕਟਰ ਅਨੁਜ ਗੁਪਤਾ ਦੇ ਨਿਰਦੇਸ਼ਾਂ ’ਤੇ ਸਕੂਲ ਵਿਖੇ ਪ੍ਰਿੰਸੀਪਲ ਪੂਨਮ ਸ਼ਰਮਾ ਦੀ ਅਗਵਾਈ ’ਚ ‘ਐਪਲ ਪਾਰਟੀ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਮੂਹ ਬੱਚੇ ਜਿੱਥੇ ਲਾਲ ਰੰਗ ਦੀਆਂ ਪੋਸ਼ਾਕਾਂ ਪਾਕੇ ਆਏ ਉੱਥੇ ਵਿਦਿਆਰਥੀਆਂ ਨੇ ਲਾਲ ਰੰਗ ਦੇ ਫਲਾਂ ਨੂੰ ਲੰਚ ਦੇ ਰੂਪ ’ਚ ਲਿਆਂਦਾ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਸਾਰਿਆਂ ਨੂੰ ਸਵੇਰੇ ਸ਼ਾਮ ਫਲਾਂ ਦਾ ਸੇਵਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਰੋਟੀ ਦੇ ਨਾਲ-ਨਾਲ ਫਲ ਜਿੱਥੇ ਸਰੀਰ ’ਚ ਵਿਟਾਮਿਨਾ ਦੀ ਕਮੀ ਨੂੰ ਪੂਰਾ ਕਰਦੇ ਹਨ, ਉੱਥੇ ਇਸ ਨਾਲ ਸਰੀਰ ’ਚ ਖੂਨ ਦਾ ਸਰਕਲ ਵਧੀਆ ਅਤੇ ਦਰੁਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਸਕੂਲ ’ਚ ਫੱਲਾਂ ਉੱਪਰ ਆਧਾਰਿਤ ਨਾਮ ਦੇਕੇ ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂਕਿ ਸਾਰੇ ਬੱਚਿਆਂ ਨੂੰ ਫਲਾਂ ਦੀ ਮਹੱਤਤਾ ਸਮਝਾਕੇ ਚੰਗਾ ਭੋਜਨ ਖਾਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਜੰਕ ਫੂਡ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਅਤੇ ਹਮੇਸ਼ਾ ਸੰਤੁਲਿਤ ਭੋਜਨ ਗ੍ਰਹਿਣ ਕਰਨ ਲਈ ਜਾਗਰੂਕ ਕਰਨ। ਇਸ ਮੌਕੇ ਵਿਦਿਆਰਥੀਆਂ ਵਿਚਕਾਰ ਫੈਂਸੀ ਡ੍ਰੈਸ ਮੁਕਾਬਲਾ ਵੀ ਕਰਵਾਇਆ ਗਿਆ। ਇਸ ਪਾਰਟੀ ਦਾ ਵਿਦਿਆਰਥੀਆਂ ਨੇ ਖੂਬ ਆਨੰਦ ਲਿਆ।