ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ’ਚ ਬੁਰੀ ਤਰ੍ਹਾਂ ਫੇਲ : ਦੌਲਤਪੁਰਾ
Friday, Jan 25, 2019 - 09:25 AM (IST)

ਮੋਗਾ (ਗੋਪੀ ਰਾਊਕੇ)-ਲੋਕ ਮੰਗਾਂ ਨੂੰ ਲੈ ਕੇ ਕਮਿਊਨਿਸਟ ਪਾਰਟੀਆਂ ਵਲੋਂ 28 ਜਨਵਰੀ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਸਬੰਧੀ ਬਲਾਕ ਮੋਗਾ-2 ਦੇ ਪਿੰਡਾਂ ’ਚ ਮੀਟਿੰਗਾਂ ਕੀਤੀਆਂ ਗਈਆਂ। ਰੈਲੀ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲਾ ਸਹਾਇਕ ਸਕੱਤਰ ਕਾਮਰੇਡ ਸ਼ੇਰ ਸਿੰਘ ਦੌਲਤਪੁਰਾ ਨੇ ਕਿਹਾ ਕਿ ਕੈਪਟਨ ਅਤੇ ਮੋਦੀ ਸਰਕਾਰ ਜਨਤਾ ਨਾਲ ਧ੍ਰੋਹ ਕਰ ਰਹੀ ਹੈ। ਲੋਕਾਂ ਨੂੰ ਪੈਨਸ਼ਨ, ਰੋਜ਼ਗਾਰ, ਵਿੱਦਿਆ ਅਤੇ ਹੋਰ ਬਣਦੇ ਹੱਕ ਦੇਣ ਦੀ ਬਜਾਏ, ਵਜ਼ੀਰਾਂ ਅਤੇ ਅਫ਼ਸਰਸ਼ਾਹੀ ਨੂੰ ਸਰਕਾਰੀ ਖਜ਼ਾਨੇ ’ਚੋਂ ਵੱਡੀਆਂ ਪੈਨਸ਼ਨਾਂ, ਤਨਖਾਹਾਂ ਅਤੇ ਭੱਤਿਆਂ ਰਾਹੀਂ ਮੋਟੀ ਲੁੱਟ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ’ਚ ਬੁਰੀ ਤਰ੍ਹਾਂ ਫੇਲ ਹੋਈ ਹੈ, ਓਵੇਂ ਮੋਦੀ ਸਰਕਾਰ ਵੀ ਮੁੱਖ ਮੁੱਦਿਆਂ ਉੱਤੇ ਗੱਲ ਕਰਨ ਦੀ ਥਾਂ ਦੇਸ਼ ਵਿਚ ਫਿਰਕੂ ਮਾਹੌਲ ਨੂੰ ਹੱਲਾਸ਼ੇਰੀ ਦੇ ਰਹੀ ਹੈ। ਕਾਮਰੇਡ ਸ਼ੇਰ ਸਿੰਘ ਨੇ ਕਿਹਾ ਕਿ ਕਮਿਊਨਿਸਟ ਪਾਰਟੀਆਂ ਦੀ 28 ਜਨਵਰੀ ਦੀ ਲੁਧਿਆਣਾ ਰੈਲੀ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ, ਸਭਨਾਂ ਵਾਸਤੇ ਰੋਜ਼ਗਾਰ, ਇਲਾਜ, ਪਡ਼੍ਹਾਈ ਅਤੇ 6000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਮੰਗ ਕਰੇਗੀ। ਇਹ ਰੈਲੀ ਨਰੇਗਾ ਨੂੰ ਚੰਗੇ ਢੰਗ ਨਾਲ ਚਲਾਉਣ, ਕੰਮ ਦੇ ਦਿਨ 200 ਅਤੇ ਦਿਹਾਡ਼ੀ 600 ਰੁਪਏ ਦੀ ਮੰਗ ਕਰੇਗੀ। ਇਸ ਮੌਕੇ ਜਗਸੀਰ ਖੋਸਾ, ਸੁਖਜਿੰਦਰ ਮਹੇਸਰੀ, ਸੁੱਖਾ ਪੇਂਟਰ, ਮੁਕੰਦ ਸਿੰਘ ਦੌਲਤਪੁਰਾ ਅਤੇ ਜਬਰਜੰਗ ਮਹੇਸਰੀ ਆਦਿ ਉਨ੍ਹਾਂ ਨਾਲ ਸਨ।