ਕੈਂਪ ਦੌਰਾਨ 480 ਮਰੀਜ਼ਾਂ ਦਾ ਚੈੱਕਅਪ ਕਰ ਕੇ ਫਰੀ ਦਵਾਈਆਂ ਦਿੱਤੀਆਂ
Monday, Jan 21, 2019 - 09:41 AM (IST)

ਮੋਗਾ (ਬਿੰਦਾ)-ਪਿੰਡ ਸੰਧੂਆਂਵਾਲਾ ਵਿਖੇ ਨੌਜਵਾਨ ਸਭਾ ਸੰਧੂਆਂਵਾਲਾ ਵਲੋਂ ਰੂਰਲ ਐੱਨ. ਜੀ. ਓ. ਮੋਗਾ ਦੇ ਸਹਿਯੋਗ ਨਾਲ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਕਮਿਊਨਿਟੀ ਹੈਲਥ ਸੈਂਟਰ ਢੁੱਡੀਕੇ ਦੇ ਐੱਸ. ਐੱਮ. ਓ. ਡਾ. ਸ਼ਿੰਗਾਰਾ ਸਿੰਘ ਨੇ ਕੀਤਾ। ਇਸ ਕੈਂਪ ’ਚ ਸਿਵਲ ਹਸਪਤਾਲ ਮੋਗਾ ਤੋਂ ਹੱਡੀਆਂ ਦੇ ਮਾਹਿਰ ਡਾ. ਗਗਨਦੀਪ, ਅੱਖਾਂ ਦੇ ਮਾਹਿਰ ਮਨਦੀਪ ਗੋਇਲ, ਜਨਰਲ ਬੀਮਾਰੀਆਂ ਦੇ ਡਾ. ਸ਼ਿੰਗਾਰਾ ਸਿੰਘ, ਡਾ. ਮਨਵੀਰ ਢਿੱਲੋਂ ਅਤੇ ਔਰਤ ਰੋਗਾਂ ਦੇ ਮਾਹਿਰ ਡਾ. ਤਰੁਨਾ ਸੋਢੀ ਵੱਲੋਂ 480 ਮਰੀਜ਼ਾਂ ਦਾ ਚੈੱਕਅਪ ਕਰਨ ਉਪਰੰਤ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਗੰਭੀਰ ਰੋਗਾਂ ਵਾਲੇ ਮਰੀਜ਼ਾਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਰੈਫਰ ਕੀਤਾ ਗਿਆ। ਇਸ ਕੈਂਪ ’ਚ ਐੱਸ. ਐੱਮ. ਐੱਲ. ਟੀ. ਕਰਮਜੀਤ ਕੌਰ ਦੀ ਅਗਵਾਈ ’ਚ ਸ਼ੂਗਰ ਅਤੇ ਹੋਰ ਬੀਮਾਰੀਆਂ ਦੇ ਟੈਸਟ ਮੁਫਤ ਕੀਤੇ ਗਏ। ਅਪਥਾਲਮਿਕ ਅਫਸਰ ਮਨਦੀਪ ਗੋਇਲ ਵੱਲੋਂ ਸਾਰੇ ਸਕੂਲੀ ਵਿਦਿਆਰਥੀਆਂ ਦੀਆਂ ਅੱਖਾਂ ਦਾ ਚੈੱਕਅਪ ਕਰ ਕੇ ਖਰਾਬ ਰੌਸ਼ਨੀ ਵਾਲੇ ਚਾਰ ਬੱਚਿਆਂ ਦੀ ਸ਼ਨਾਖਤ ਕਰ ਕੇ ਅਗਲੇਰੇ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਬੁਲਾਇਆ ਅਤੇ 13 ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਲਈ ਚੋਣ ਕੀਤੀ ਗਈ। ਇਸ ਤੋਂ ਇਲਾਵਾ ਕਰੀਬ 93 ਮਰੀਜ਼ਾਂ ਨੂੰ ਮੁਫਤ ਐਨਕਾਂ ਲਈ ਚੁਣਿਆ ਗਿਆ। ਹੈਲਥ ਸੁਪਰਵਾਈਜ਼ਰ ਰਣਜੀਤ ਸਿੱਧੂ ਨੇ ਹਾਜ਼ਰ ਲੋਕਾਂ ਨੂੰ ਸਵਾਈਨ ਫਲੂ ਰੋਗ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ। ਨੌਜਵਾਨ ਸਭਾ ਵੱਲੋਂ ਮਰੀਜ਼ਾਂ ਲਈ ਮੁਫਤ ਦਵਾਈਆਂ, ਟੈਸਟਾਂ, ਲੰਗਰ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਸਭਾ ਵੱਲੋਂ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਕੈਂਪ ਰਣਧੀਰ ਸਿੰਘ ਹਾਂਗਕਾਂਗ ਅਤੇ ਰਣਜੋਧ ਸਿੰਘ ਦੀ ਸਹਾਇਤਾ ਨਾਲ ਲਾਇਆ ਗਿਆ ਹੈ, ਉਨ੍ਹਾਂ ਨੇ ਸਭਾ ਵੱਲੋਂ ਰੂਰਲ ਐੱਨ. ਜੀ. ਓ. ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ, ਡਾ. ਸ਼ਿੰਗਾਰਾ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਮੈਡੀਕਲ ਟੀਮ ਅਤੇ ਸਹਿਯੋਗੀ ਸੱਜਣਾਂ ਦਾ ਕੈਂਪ ਨੂੰ ਕਾਮਯਾਬ ਬਨਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਰੂਰਲ ਐੱਨ. ਜੀ. ਓ. ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।