ਕਸਬੇ ਦੀ ਖਸਤਾ ਹੋ ਚੁੱਕੀ ਫਿਰਨੀ ਦੀ ਦਸ਼ਾ ਸੁਧਾਰਨ ਦੀ ਮੰਗ
Monday, Jan 21, 2019 - 09:40 AM (IST)

ਮੋਗਾ (ਜ.ਬ)-ਸਥਾਨਕ ਕਸਬੇ ਦੀ ਸਮਾਜ ਸੇਵੀ ਸੰਸਥਾਂ ਨਿਰਪੱਖ ਨੌਜਵਾਨ ਸਭਾ ਨੇ ਕਸਬੇ ਦੀ ਚਾਰੇ ਪਾਸਿਉ ਖਸਤਾ ਹੋ ਕੇ ਪੂਰੀ ਤਰ੍ਹਾਂ ਟੁੱਟ ਚੁੱਕੀ ਫਿਰਨੀ ਦੀ ਮੁਰੰਮਤ ਕਰਵਾਉਣ ਦੀ ਮੰਗ ਪ੍ਰਸ਼ਾਸਨ ਕੋਲੋਂ ਕੀਤੀ ਹੈ। ਇਸ ਮੌਕੇ ਨਿਰਪੱਖ ਨੌਜਵਾਨ ਸਭਾ ਦੇ ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ, ਵਰਿੰਦਰਪਾਲ ਸਿੰਘ ਰਿੱਕੀ, ਹਰਮੰਦਰ ਸਿੰਘ, ਗੁਰਸ਼ਰਨ ਸਿੰਘ, ਹਜ਼ੂਰ ਸਿੰਘ, ਡਾ. ਕਾਰਜ ਸਿੰਘ, ਵਿੱਕੀ ਘਾਲੀ, ਅਮਨਦੀਪ ਸਿੰਘ, ਬਲਜੀਤ ਸਿੰਘ, ਸੋਹਨ ਸਿੰਘ, ਸੂਬਾ ਸਿੰਘ, ਮੰਗਾ ਮਿਸਤਰੀ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਕਸਬੇ ਦੀ ਇਹ ਫਿਰਨੀ ਪਿਛਲੇ ਲੰਮੇ ਸਮੇਂ ਤੋਂ ਖਸਤਾਹਾਲ ਹੈ, ਜਿਸ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੰਘਣ ਵੇਲੇ ਵਾਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਖਸਤਾਹਾਲ ਫਿਰਨੀ ਦੀ ਮੁਰੰਮਤ ਸਬੰਧੀ ਕਈ ਵਾਰ ਅਧਿਕਾਰੀਆਂ ਨੂੰੰ ਜਾਣੂੰ ਕਰਵਾਇਆ ਜਾ ਚੁੱਕਾ ਹੈ, ਪਰ ਕਿਸੇ ਵੀ ਅਧਿਕਾਰੀ ਦਾ ਇਸ ਪਾਸੇ ਧਿਆਨ ਨਹੀਂ ਗਿਆ। ਸਭਾ ਦੇ ਨੌਜਵਾਨਾਂ ਨੇ ਡਿਪਟੀ ਕਮਿਸ਼ਨਰ ਮੋਗਾ ਨੂੰ ਅਪੀਲ ਕੀਤੀ ਹੈ ਕਿ ਇਸ ਫਿਰਨੀ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਸਬੇ ਅਤੇ ਇਲਾਕੇ ਦੇ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਸਮੱਸਿਆ ਵੱਲ ਪ੍ਰਸ਼ਾਸਨ ਨੇ ਜਲਦ ਧਿਆਨ ਨਹੀਂ ਦਿੱਤਾ ਤਾਂ ਨਿਰਪੱਖ ਨੌਜਵਾਨ ਸਭਾ ਸੰਘਰਸ਼ ਦਾ ਰਾਹ ਅਖਤਿਆਰ ਕਰੇਗੀ।