ਮੋਦੀਖਾਨੇ ਵਾਲ਼ਾ ਦੌਲਤ ਖ਼ਾਂ ਲੋਧੀ
Wednesday, May 13, 2020 - 11:40 AM (IST)
ਅਲੀ ਰਾਜਪੁਰਾ
94176-79302
ਲਗਭਗ 1485 ਈ. ਰਾਇ ਬੁਲਾਰ ਨੇ ਨਵਾਬ ਦੌਲਤ ਖ਼ਾਂ ਨੂੰ ਖ਼ਤ ਲਿਖ ਕੇ ਅਰਜ਼ ਕੀਤੀ ਸੀ ਕਿ, '' ਜਿਸ ਜੁਆਨ ਨੂੰ ਮੈਂ, ਆਪ ਪਾਸ ਭੇਜ ਰਿਹਾ ਹਾਂ, ਤੁਸੀਂ ਉਸ ਨੂੰ ਬਹੁਤ ਆਦਰ ਨਾਲ ਚੰਗੀ ਨੌਕਰੀ ਦੇਣੀ ਹੈ।'' ਨਵਾਬ ਨੇ ਬਾਬਾ ਨਾਨਕ ਜੀ ਤੋਂ ਪੜ੍ਹਾਈ ਲਿਖਾਈ ਬਾਰੇ ਪੁੱਛਿਆ। ਬਾਬਾ ਜੀ ਨੇ ਹਿੰਦੀ ਅਤੇ ਫ਼ਾਰਸੀ ਦੇ ਗਿਆਨ ਬਾਰੇ ਦੱਸਿਆ। ਜਦੋਂ ਦੌਲਤ ਖ਼ਾਂ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਸਾਡੇ ਮੋਦੀਖਾਨੇ 'ਚ ਕੰਮ ਕਰੋ ਤਾਂ, ਬਾਬਾ ਨਾਨਕ ਜੀ ਨੇ ਕਿਹਾ, '' ਤੁਸੀਂ ਲੋਕ ਕੰਨਾ ਦੇ ਕੱਚੇ ਹੁੰਦੇ ਓ, ਤੁਸੀਂ ਲੋਕ ਦੂਜੇ ਦੀਆਂ ਗੱਲਾ ਸੁਣਦੇ ਓ। ਮੈਂ ਇਸ ਲਈ ਇੱਥੇ ਕੰਮ ਨਹੀਂ ਕਰਾਂਗਾ।'' ਦੌਲਤ ਖ਼ਾਂ ਇੰਨਾ ਸੁਣ ਕੇ ਬੋਲਿਆ, '' ਹੇ ਨਾਨਕ, ਅਸੀਂ ਤੇਰੇ ਤੋਂ ਗੱਲਾ ਨਹੀਂ ਸੁਣਾਂਗੇ...।'' ਸ੍ਰੀ ਗੁਰੂ ਨਾਨਕ ਦੇਵ ਜੀ ਨੇ ਛੇਤੀ ਕੰਮ ਕਰਨ ਦੀ ਹਾਮੀ ਭਰ ਦਿੱਤੀ। ਸਾਰੇ ਕੰਮਾਂ ਨੂੰ ਬਾਬਾ ਜੀ ਨੇ ਛੇਤੀ ਸਮਝ ਲਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ- (1) ਜਿਹੜੀ ਰਸਦ ਦੌਲਤ ਖ਼ਾਂ ਦੇ ਕੋਲ਼ ਜਾਂਦੀ ਉਹੋ ਹੀ ਰਸਦ ਲੋਕਾਂ ਨੂੰ ਦਿੱਤੀ ਜਾਣ ਲੱਗੀ। (2) ਲੋਕਾਂ ਦੇ ਹਿੱਸੇ 'ਚੋਂ ਰਸਦ ਦਾ ਕੱਟਿਆ ਜਾਂਦਾ ਦਸਵਾਂ ਹਿੱਸਾ ਬੰਦ ਕਰ ਦਿੱਤਾ ਭਾਵ ਲੋਕਾਂ ਨੂੰ ਪੂਰੀ ਰਸਦ ਮਿਲਣ ਲੱਗੀ।
ਲੋਕ ਗੁਰੂ ਜੀ ਦੇ ਇਨ੍ਹਾਂ ਨੇਕ ਕੰਮਾ ਤੋਂ ਖੁਸ਼ ਰਹਿਣ ਲੱਗੇ। ਗੁਰੂ ਜੀ ਦੀ ਮਹਿਮਾ ਹੋਣ ਲੱਗੀ ਤਾਂ ਕਾਜ਼ੀ ਨੇ ਗੁਰੂ ਜੀ ਦੀ ਸ਼ਿਕਾਇਤ ਦੌਲਤ ਖ਼ਾਂ ਕੋਲ ਕੀਤੀ। ਕੁਝ ਇਤਿਹਾਸਕਾਰਾਂ ਅਨੁਸਾਰ–
ਦੌਲਤ ਖ਼ਾਂ ਨੇ ਮੋਦੀਖਾਨੇ ਵਿਚਲੇ ਸਮਾਨ ਦੀ ਪੜਤਾਲ ਕਰਵਾਈ ਤਾਂ ਸਾਰਾ ਸਮਾਨ ਪੂਰਾ ਸੀ। ਕੰਨਾ ਦੇ ਕੱਚੇ ਦੌਲਤ ਖ਼ਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।
ਨਵਾਬ ਖ਼ਾਂ ਨੇ ਦੋ ਵਾਰ ਲੋਕਾਂ ਦੀਆਂ ਗੱਲਾਂ ਸੁਣੀਆ। ਪੜਤਾਲ ਕਰਵਾਈ ਤਾਂ ਦੋਵੇਂ ਵਾਰ ਝੂਠ ਸਾਬਿਤ ਹੋਇਆ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬ ਇਕ ਹੋਣਦਾ ਤੇ ' ਨਾ ਕੋਈ ਹਿੰਦੂ ਨਾ ਮੁਸਲਮਾਨ' ਹੋਣ ਦਾ ਹੋਕਾ ਦਿੱਤਾ ਤਾਂ ਦੌਲਤ ਖ਼ਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਇਹ ਚਰਚਾ ਛੇੜੀ ਕਿ ਜਦ ਉਹ ਮੂਰਤੀ ਪੂਜਾ ਦੇ ਵਿਰੁੱਧ ਅਤੇ ਇਕ ਪ੍ਰਮਾਤਮਾ, ਅੱਲ੍ਹਾ ਨੂੰ ਮੰਦਨਾ ਹੈ ਤਾਂ ਉਹ ਮੁਸਲਮਾਨ ਹੋਣ ਦਾ ਇਕਰਾਰ ਕਿਉਂ ਨਹੀਂ ਕਰ ਲੈਂਦਾ? ਇਹ ਕਰਿ ਕੇ ਨਵਾਬ ਖ਼ਾਂ ਨੇ ਗੁਰੂ ਜੀ ਨੂੰ ਮਸੀਤ 'ਚ ਨਮਾੜ ਪੜ੍ਹਨ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਕੋਈ ਇਤਰਾਜ਼ ਨਹੀਂ ਸੀ ਕੀਤਾ। ਮਸੀਤ ਅੰਦਰ ਗੁਰੂ ਜੀ ਨਮਾਜ਼ ਪੜ੍ਹਨ ਲਈ ਦਾਖ਼ਲ ਹੋਏ।
ਸਾਰੇ ਸਫਾਂ ਬਣਾ ਕੇ ਨਮਾਜ਼ ਪੜ੍ਹਨ ਲੱਗੇ। ਗੁਰੂ ਜੀ ਇਕ ਪਾਸੇ ਖੜ੍ਹ ਗਏ। ਨਵਾਬ ਖ਼ਾਂ ਨੂੰ ਗੁਰੂ ਜੀ ਦਾ ਇਸ ਤਰ੍ਹਾਂ ਖੜ੍ਹੇ ਰਹਿਣਾ ਚੰਗਾ ਨਾ ਲੱਗਾ ਤਾਂ ਉਸਨੇ ਗੁਰੂ ਜੀ ਨੂੰ ਕਿਹਾ ਕਿ, ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ? ਤਾਂ ਗੁਰੂ ਜੀ ਨੇ ਕਿਹਾ, " ਮੈਨੂੰ ਤਾਂ ਕੋਈ ਨਮਾਜ਼ੀ ਲੱਗਿਆ ਈ ਨੀ, ਮੈਂ ਨਮਾਜ਼ ਕਿਸ ਨਾਲ ਪੜ੍ਹਦਾ। ਕਾਜ਼ੀ ਜੀ ਦਾ ਧਿਆਨ ਆਪਣੀ ਘੋੜੀ ਦੇ ਵਿਚ ਸੀ, ਕਿਤੇ ਉਹ ਖੂਹ 'ਚ ਨਾ ਡਿੱਗ ਪਵੇ। ਤੁਹਾਡਾ ਆਪਣਾ ਦਿਲ ਉਸ ਸਮੇਂ ਕੰਧਾਰ ਤੋਂ ਘੋੜੇ ਖਰੀਦ ਰਿਹਾ ਸੀ। ਜਦੋਂ ਤੁਹਾਡੇ ਵਰਗੇ ਪੱਕੇ ਨਮਾਜ਼ੀਆਂ ਦਾ ਇਹ ਹਾਲ ਸੀ ਤਾਂ ਮੈਂ ਨਮਾਜ਼ ਕਿਸ ਪਿੱਛੇ ਪੜ੍ਹਦਾ।'' ਗੁਰੂ ਨਾਨਕ ਨੇ ਇਨ੍ਹਾਂ ਦੀ ਦਸ਼ਾ ਨੂੰ ਦੇਖਦਿਆਂ ਕਿਹਾ ਕਿ ਬੰਦੇ ਨੂੰ ਬੰਦਗੀ ਇਕਾਗਰ ਚਿੱਤ ਨਾਲ ਕਰਨੀ ਚਾਹੀਦੀ ਹੈ।
ਜਦੋਂ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਲਈ ਸੁਲਤਾਨਪੁਰ ਨੂੰ ਛੱਡਣ ਲੱਗੇ ਤਾਂ ਦੌਲਤ ਖ਼ਾਂ ਲੋਧੀ ਨੇ ਬੇਨਤੀ ਕੀਤੀ ਕਿ, '' ਉਹ ਸੁਲਤਾਨ ਪੁਰ ਨਾ ਛੱਡਣ, ਉਨ੍ਹਾਂ ਨਾਲ ਸਾਰੇ ਨਗਰ ਅੰਦਰ ਬਰਕਤ ਹੈ। " ਗੁਰੂ ਜੀ ਨੇ ਉਪਦੇਸ਼ ਦੇ ਕੇ ਆਗਿਆ ਲਈ ਕਿ '' ਸਾਧੂ ਇਕ ਥਾਂ 'ਤੇ ਬੱਝੇ ਨਹੀਂ ਰਹਿੰਦੇ ਤੁਸੀਂ, ਇਮਾਨਦਾਰੀ ਨਾਲ ਪਰਜਾ ਨਾਲ ਨਿਆਂ ਕਰੋ, ਅਕਾਲ ਪੁਰਖ, ਅੱਲ੍ਹਾ, ਪ੍ਰਭੂ ਮੇਹਰ ਕਰਨਗੇ......। "