ਮੋਦੀ ਦੀ ਸਰਕਾਰ ਦੌਰਾਨ ਦੇਸ਼ ਤਾਨਾਸ਼ਾਹੀ ਵੱਲ ਵਧ ਰਿਹੈ : ਸੁਖਬੀਰ
Monday, Dec 14, 2020 - 11:09 PM (IST)
 
            
            ਅੰਮ੍ਰਿਤਸਰ,(ਛੀਨਾ)-ਕਿਸਾਨ ਵਿਰੋਧੀ ਕਾਨੂੰਨ ਬਣਨ ਤੋਂ ਉਪਜਿਆ ਸੰਕਟ ਕਦੇ ਵੀ ਨਾ ਉਭਰਦਾ ਜੇਕਰ ਮੋਦੀ ਸਰਕਾਰ ਨੇ ਸਲਾਹ ਮਸ਼ਵਰੇ, ਰਾਜ਼ੀਨਾਮੇ ਅਤੇ ਆਮ ਸਹਿਮਤੀ ਦੀ ਸੰਘੀ ਪਹੁੰਚ ਅਪਣਾਈ ਹੁੰਦੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਖੇਤੀਬਾੜੀ ਕਾਨੂੰਨਾਂ ਖਿਲਾਫ ਗੋਲਡਨ ਗੇਟ ਵਿਖੇ ਧਰਨੇ ਦੌਰਾਨ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਸਾਸ਼ਨ ਦੌਰਾਨ ਦੇਸ਼ ਖਤਰਨਾਕ ਢੰਗ ਨਾਲ ਤਾਨਾਸ਼ਾਹੀ ਅਤੇ ਇਕਪਾਸੜ ਪ੍ਰਣਾਲੀ ਵੱਲ ਵਧਿਆ ਹੈ, ਜਿਸ ਵਿਚ ਤਾਕਤ ਦਾ ਕੇਂਦਰੀਕਰਨ ਕੁਝ ਹੀ ਹੱਥਾਂ ਵਿਚ ਲਗਾਤਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਕ ਸੰਘੀ ਮੁਲਕ ਬਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਹਮਖਿਆਲੀ ਪਾਰਟੀਆਂ ਨਾਲ ਰਲ ਕੇ ਕੰਮ ਕਰੇਗਾ।
ਇਹ ਵੀ ਪੜ੍ਹੋ : ਕਿਸਾਨਾਂ ਨਾਲ ਜਲਦ ਹੋਵੇਗੀ ਅਗਲੀ ਬੈਠਕ, ਅਸੀਂ ਜਥੇਬੰਦੀਆਂ ਦੇ ਸੰਪਰਕ 'ਚ ਹਾਂ : ਨਰੇਂਦਰ ਤੋਮਰ
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਖੇਤੀਬਾੜੀ ਵਿਰੋਧੀ ਕਾਨੂੰਨ ਲਾਗੂ ਕਰਨ ਤੋਂ ਬਾਅਦ ਦੇਸ਼-ਵਿਦੇਸ਼ ਦੇ ਲੋਕ ਮੋਦੀ ਸਰਕਾਰ ਨੂੰ ਭੰਡ ਰਹੇ ਹਨ ਅਤੇ ਭਾਜਪਾ ਲੀਡਰਾਂ ਦਾ ਘਰਾਂ 'ਚੋਂ ਨਿਕਲਣਾ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨਾਲ ਮੁਗਲਾ ਅਤੇ ਇੰਦਰਾ ਗਾਂਧੀ ਨੇ ਵੀ ਧੱਕਾ ਕੀਤਾ ਸੀ ਅਤੇ ਕਾਲੇ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਇਤਿਹਾਸ ਤੋਂ ਕੁਝ ਸਿੱਖ ਲੈਣਾ ਚਾਹੀਦਾ ਸੀ ਕਿ ਪੰਜਾਬੀਆਂ ਨਾਲ ਧੱਕਾ ਕਰਨ ਵਾਲਿਆਂ ਦਾ ਹਸ਼ਰ ਕੀ ਹੁੰਦਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੜਾਕੇ ਦੀ ਠੰਡ 'ਚ ਕੇਂਦਰ ਸਰਕਾਰ ਨੂੰ ਜਗਾਉਣ ਲਈ ਦਿੱਲੀ ਦੀਆਂ ਸੜਕਾਂ 'ਤੇ ਪਰਿਵਾਰਾਂ ਸਮੇਤ ਸੰਘਰਸ਼ ਕਰਨ ਵਾਲੇ ਕਿਸਾਨਾਂ ਨੂੰ ਮੈਂ ਸਿਜਦਾ ਕਰਦਾ ਹਾਂ। ਦੇਸ਼ ਦੇ ਅੰਨਦਾਤਾ ਨੂੰ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਹੋਣ ਤੋਂ ਬਚਾਉਣ ਲਈ ਸੰਘਰਸ਼ ਦੌਰਾਨ ਕੁਰਬਾਨੀਆਂ ਦੇਣ ਵਾਲੇ ਕਿਸਾਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ :  ਕਿਸਾਨਾਂ ਦੀ ਹਮਾਇਤ 'ਚ ਆਏ ਖੰਨਾ ਦੇ 'ਹੋਟਲ ਮਾਲਕਾਂ' ਨੇ ਕਰ ਦਿੱਤਾ ਵੱਡਾ ਐਲਾਨ
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ, ਪਰਮਬੰਸ ਸਿੰਘ ਬੰਟੀ ਰੁਮਾਣਾ, ਤਲਬੀਰ ਸਿੰਘ ਗਿੱਲ, ਵਿਰਸਾ ਸਿੰਘ ਵਲਟੋਹਾ, ਜਥੇ. ਗੁਲਜ਼ਾਰ ਸਿੰਘ ਰਣੀਕੇ, ਹਰਮੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਰੰਧਾਵਾ, ਬੋਨੀ ਅਮਰਪਾਲ ਸਿੰਘ ਅਜਨਾਲਾ, ਮਲਕੀਅਤ ਸਿੰਘ ਏ. ਆਰ., ਗੁਰਪ੍ਰੀਤ ਸਿੰਘ ਰਾਜੂ ਖੰਨਾ, ਬਲਜੀਤ ਸਿੰਘ ਜਲਾਲ ਉਸਮਾ, ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਰਾਣਾ ਰਣਬੀਰ ਸਿੰਘ ਲੋਪੋਕੇ, ਗੁਰਪ੍ਰਤਾਪ ਸਿੰਘ ਟਿੱਕਾ, ਇਕਬਾਲ ਸਿੰਘ ਸੰਧੂ, ਸਮਸ਼ੇਰ ਸਿੰਘ ਸ਼ੇਰਾ, ਅਮਰਬੀਰ ਸਿੰਘ ਢੋਟ, ਦਿਲਬਾਗ ਸਿੰਘ ਵਡਾਲੀ, ਬਾਵਾ ਸਿੰਘ ਗੁਮਾਨਪੁਰਾ, ਮੰਗਵਿੰਦਰ ਸਿੰਘ ਖਾਪੜਖੇੜੀ, ਰਾਣਾ ਪਲਵਿੰਦਰ ਸਿੰਘ, ਅਜੇਬੀਰਪਾਲ ਸਿੰਘ ਰੰਧਾਵਾ ਅਤੇ ਅਵਤਾਰ ਸਿੰਘ ਟਰੱਕਾਂ ਵਾਲੇ ਆਦਿ ਹਾਜ਼ਰ ਸਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            