ਵਿਧਾਇਕਾ ਰੁਪਿੰਦਰ ਕੌਰ ਰੂਬੀ ਦਾ ਵਿਆਹ ਅੱਜ, ਕੇਜਰੀਵਾਲ ਤੇ ਸਿਸੋਦੀਆ ਕਰਨਗੇ ਸ਼ਿਰਕਤ

10/11/2018 10:39:40 AM

ਬਠਿੰਡਾ(ਵਿਜੇ)— ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਦਾ ਵਿਆਹ ਅੱਜ ਬਠਿੰਡਾ ਵਿਖੇ ਹੋਣ ਜਾ ਰਿਹਾ ਹੈ। ਇਸ ਵਿਆਹ ਸਮਾਗਮ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ 'ਆਪ' ਦੇ ਸਾਰੇ ਸੰਸਦ ਮੈਂਬਰ ਅਤੇ ਵਿਧਾਇਕਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਵੀ ਸ਼ਾਮਲ ਹੋਣ ਦੀ ਪੂਰੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਅਤੇ ਸਿਸੋਦੀਆ ਸਵੇਰੇ ਸ਼ਤਾਬਦੀ ਐਕਸਪ੍ਰੈੱਸ ਰਾਹੀਂ ਪਹਿਲਾਂ ਸੰਗਰੂਰ ਪੁੱਜਣਗੇ। ਫਿਰ ਇੱਥੋਂ ਉਹ ਬਠਿੰਡਾ (ਦਿਹਾਤੀ) ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣਗੇ।

ਇਸ ਸਬੰਧ ਵਿਚ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਬੀ ਦਾ ਹੋਣ ਵਾਲਾ ਪਤੀ ਸਾਹਿਲਪੁਰੀ ਪੰਜਾਬ ਸਿਹਤ ਵਿਭਾਗ ਬਠਿੰਡਾ ਵਿਖੇ ਇਕ ਅਧਿਕਾਰੀ ਦੇ ਤੌਰ 'ਤੇ ਤਾਇਨਾਤ ਹੈ ਤੇ ਇਸ ਜੋੜੀ ਦਾ ਵਿਆਹ ਸਿੱਖ ਰੀਤੀ ਰਿਵਾਜ਼ਾਂ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 'ਆਪ' ਦੀ ਹੀ ਇੱਕ ਹੋਰ ਵਿਧਾਇਕਾ ਦਾ ਵੀ ਜਲਦ ਹੀ ਵਿਆਹ ਹੋਣ ਜਾ ਰਿਹਾ ਹੈ ਤੇ ਇੰਝ 'ਆਪ' ਦੇ ਚਾਹੁਣ ਵਾਲਿਆਂ ਲਈ ਇਹ ਸਾਲ ਖੁਸ਼ੀਆਂ ਅਤੇ ਭੰਗੜਿਆਂ ਭਰਪੂਰ ਹੋਵੇਗਾ। ਇੱਥੇ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਫਰਵਰੀ 2018 ਵਿਚ ਹੀ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਵੀ ਵਿਆਹ ਕਰਵਾਇਆ ਸੀ। ਰੂਬੀ ਦੇ ਵਿਆਹ ਤੋਂ ਬਾਅਦ ਇਸ ਸਾਲ 'ਆਪ' ਵਿਧਾਇਕਾਂ ਦਾ ਹੋਣ ਵਾਲਾ ਇਹ ਦੂਜਾ ਵਿਆਹ ਹੈ।


Related News