ਸੜਕ ਕਿਨਾਰੇ ਖੜ੍ਹੇ ਨਾਬਾਲਗ ਲਈ ਕਾਲ ਬਣੀ ਕਾਰ! ਜ਼ਬਰਦਸਤ ਟੱਕਰ ਮਗਰੋਂ ਡਰਾਈਵਰ ਫਰਾਰ

Monday, May 26, 2025 - 08:15 PM (IST)

ਸੜਕ ਕਿਨਾਰੇ ਖੜ੍ਹੇ ਨਾਬਾਲਗ ਲਈ ਕਾਲ ਬਣੀ ਕਾਰ! ਜ਼ਬਰਦਸਤ ਟੱਕਰ ਮਗਰੋਂ ਡਰਾਈਵਰ ਫਰਾਰ

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਬੀਤੀ ਸ਼ਾਮ ਪਿੰਡ ਗਰਦਲੇ ਦੇ ਨਜ਼ਦੀਕ ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ ਕੌਮੀ ਮਾਰਗ ’ਤੇ ਇਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਸੜਕ ਕਿਨਾਰੇ ਖੜ੍ਹੇ ਇਕ 16 ਸਾਲਾ ਲੜਕੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਭਰਤਗੜ੍ਹ ਦੇ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਅਨਵਰ ਖਾਨ ਵਾਸੀ ਪਿੰਡ ਫਤਹਿਪੁਰ ਬੂੰਗਾ ਥਾਣਾ ਸ੍ਰੀ ਕੀਰਤਪੁਰ ਸਾਹਿਬ ਨੇ ਪੁਲਸ ਨੂੰ ਬਿਆਨ ਦਿੰਦਿਆਂ ਦੱਸਿਆ ਕਿ ਕੱਲ ਐਤਵਾਰ ਨੂੰ ਉਹ ਕਿਸੇ ਕੰਮ ਸਬੰਧੀ ਬੱਸ ਸਟੈਂਡ ਗਰਦਲੇ ਦੇ ਨੇੜੇ ਖੜ੍ਹਾ ਸੀ। ਇਸ ਦੌਰਾਨ ਗੁਰਤੇਜ ਸਿੰਘ (16) ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਛੋਟੀ ਝੱਖੀਆਂ, ਜਿਸ ਨੂੰ ਉਹ ਪਹਿਲਾਂ ਤੋਂ ਜਾਣਦਾ ਸੀ, ਉਹ ਵੀ ਬੱਸ ਲੈਣ ਲਈ ਉਸਦੇ ਕੋਲ ਖੜ੍ਹਾ ਸੀ।

ਇਸ ਦੌਰਾਨ ਸ਼ਾਮ ਕਰੀਬ ਸਾਢੇ 4 ਵਜੇ ਪਿੰਡ ਬੂੰਗਾ ਸਾਹਿਬ ਵੱਲ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਰੇਟਾ ਕਾਰ ਨੰਬਰ ਪੀ. ਬੀ. 65 ਏ. ਵਾਈ. 6030 ਨੇ ਸੜਕ ਕਿਨਾਰੇ ਖੜ੍ਹੇ ਗੁਰਤੇਜ ਸਿੰਘ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੁਰਤੇਜ ਸਿੰਘ ਹਵਾ ’ਚ ਕਾਫੀ ਦੂਰ ਉਛਲ ਕੇ ਸੜਕ ’ਤੇ ਡਿੱਗ ਗਿਆ ਅਤੇ ਉਸਦੇ ਸਿਰ ਅਤੇ ਸਰੀਰ ਦੇ ਹੋਰ ਅੰਗਾਂ ’ਤੇ ਗੰਭੀਰ ਸੱਟਾਂ ਲੱਗੀਆਂ, ਜਦਕਿ ਕਾਰ ਡਰਾਈਵਰ ਤੇਜ਼ੀ ਨਾਲ ਗੱਡੀ ਭਜਾ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਰਾਹਗੀਰਾਂ ਦੀ ਮਦਦ ਨਾਲ ਉਹ ਗੁਰਤੇਜ ਸਿੰਘ ਨੂੰ ਇਲਾਜ ਲਈ ਸੀ. ਐੱਚ. ਸੀ. ਭਰਤਗੜ੍ਹ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਉਸ ਦੀ ਮੌਤ ਹੋ ਗਈ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਅਨਵਰ ਖਾਨ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਥਾਣਾ ਕੀਰਤਪੁਰ ਸਾਹਿਬ ’ਚ ਕਾਰ ਡਰਾਈਵਰ ਪ੍ਰਭਜੀਤ ਸਿੰਘ ਵਾਸੀ ਪਿੰਡ ਪੱਕਾ ਬਾਗ ਕਾਲੋਨੀ ਰੂਪਨਗਰ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਅੱਜ ਮ੍ਰਿਤਕ ਗੁਰਤੇਜ ਸਿੰਘ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਮ੍ਰਿਤਕ ਗੁਰਤੇਜ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਦਲੇ ਵਿਖੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News