ਮੰਤਰੀ ਕੁਲਦੀਪ ਧਾਲੀਵਾਲ ਬੋਲੇ, ਮਾਨ ਸਰਕਾਰ ਦੀ ਮਿਹਨਤ ਰੰਗ ਲਿਆਈ, ਇਸ ਸਾਲ ਸੜੀ ਘੱਟ ਪਰਾਲੀ
Wednesday, Nov 23, 2022 - 05:00 AM (IST)
ਜਲੰਧਰ (ਧਵਨ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮਿਹਨਤ ਨੇ ਰੰਗ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ’ਚ ਇਸ ਸਾਲ ਪਿਛਲੇ 3 ਸਾਲਾਂ ਨਾਲੋਂ ਘੱਟ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਬੰਧੀ ਪੰਜਾਬ ਦੇ ਖੇਤੀਬਾੜੀ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪਰਾਲੀ ਨੂੰ ਪੰਜਾਬ ਵਿਚ ਸਾੜਨ ਦੇ ਮਾਮਲੇ ਵਿਚ ਵਿਰੋਧੀ ਪਾਰਟੀਆਂ ਖ਼ਾਸ ਕਰਕੇ ਭਾਜਪਾ ਦਾ ਮਾੜਾ ਪ੍ਰਚਾਰ ਗਲਤ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਦੇ ਮਾਮਲੇ ਵਿਚ ਭਾਜਪਾ ਨੇ ਇਹ ਮਾੜਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਦਾ ਧੂੰਆਂ ਦਿੱਲੀ ਵਿਚ ਪ੍ਰਦੂਸ਼ਣ ਫੈਲਾਅ ਰਿਹਾ ਹੈ ਜਦਕਿ ਅਸਲੀਅਤ ਇਹ ਸੀ ਕਿ 2022 ਵਿਚ ਤਾਂ ਪਰਾਲੀ ਸਾੜਨ ਦੇ ਮਾਮਲੇ ਸਭ ਤੋਂ ਘੱਟ ਦਰਜ ਹੋਏ ਹਨ। 2020 ਵਿਚ ਜੇਕਰ ਪਰਾਲੀ ਸਾੜਨ ਦੇ 75,986 ਮਾਮਲੇ ਸਨ ਤਾਂ 2021 ਵਿਚ ਇਨ੍ਹਾਂ ਦੀ ਗਿਣਤੀ 70,711 ਸੀ। 2022 ਵਿਚ ਇਨ੍ਹਾਂ ਦੀ ਗਿਣਤੀ ਘੱਟ ਹੋ ਕੇ 49,775 ਰਹਿ ਗਈ।
ਇਹ ਵੀ ਪੜ੍ਹੋ : ਪੰਜਾਬ DGP ਦੀ ਗੈਰ-ਕਾਨੂੰਨੀ ਹਥਿਆਰਾਂ ਤੇ ਭੜਕਾਊ ਭਾਸ਼ਣਾਂ ਖ਼ਿਲਾਫ਼ ਸਖ਼ਤੀ, ਸ਼ੁਰੂ ਹੋਵੇਗੀ 90 ਦਿਨਾਂ ਦੀ ਮੁਹਿੰਮ
ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਕਿਸਾਨ ਭਰਾਵਾਂ ਨੇ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਅਤੇ ਇਸ ਵਾਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਮਸ਼ੀਨਾਂ ਦੀ ਮਦਦ ਨਾਲ ਪਰਾਲੀ ਨੂੰ ਘੱਟ ਮਾਤਰਾ ਵਿਚ ਸਾੜਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਲੇ ਸਾਲ ਪਰਾਲੀ ਦੇ ਪ੍ਰਦੂਸ਼ਣ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਦ੍ਰਿੜ੍ਹ ਹਨ।
ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸਿਰਫ਼ ਹੋਛੀ ਸਿਆਸਤ ਕਰਨ ਲਈ ਪਰਾਲੀ ਨੂੰ ਪੰਜਾਬ ਵਿਚ ਸਾੜਨ ਅਤੇ ਦਿੱਲੀ ਵਿਚ ਪ੍ਰਦੂਸ਼ਣ ਦੀਆਂ ਗੱਲਾਂ ਕਰ ਰਹੀਆਂ ਸਨ। ਅਸਲੀਅਤ ਇਹ ਸੀ ਕਿ ਪਰਾਲੀ ਨੂੰ ਸਾੜਨ ਦੇ ਮਾਮਲੇ ਪੰਜਾਬ ਵਿਚ ਕਾਫ਼ੀ ਘੱਟ ਹੋਏ ਹਨ। ਪੰਜਾਬ ਨਾਲੋਂ ਹਰਿਆਣਾ ਵਿਚ ਪਰਾਲੀ ਨੂੰ ਜ਼ਿਆਦਾ ਸਾੜਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਉਂਕਿ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਇਸ ਲਈ ਉਸ ਨੂੰ ਬਦਨਾਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸਮੱਸਿਆ ਅਗਲੇ ਸਾਲ ਤੱਕ ਕਾਫੀ ਘੱਟ ਹੋ ਜਾਣ ਦੇ ਆਸਾਰ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਰਾਲੀ ਦੇ ਮਾਮਲੇ ਵਿਚ ਵਿਰੋਧੀ ਪਾਰਟੀਆਂ ਨੂੰ ਪਹਿਲਾਂ ਹੀ ਜਵਾਬ ਦੇ ਚੁੱਕੇ ਹਨ। ਹੁਣ ਜੋ ਅੰਕੜੇ ਸਾਹਮਣੇ ਆ ਰਹੇ ਹਨ, ਉਹ ਸਭ ਦੀਆਂ ਅੱਖਾਂ ਖੋਲ੍ਹ ਦੇਣਗੇ।
ਇਹ ਵੀ ਪੜ੍ਹੋ : ਬਿਹਾਰ ’ਚ ਪਈ ਰੰਜਿਸ਼ ਦਾ ਜਲੰਧਰ ’ਚ ਕਾਤਲ ਨੇ ਲਿਆ ਬਦਲਾ, 6 ਮਹੀਨਿਆਂ ਤੋਂ ਬਦਲਾ ਲੈਣ ਦੀ ਬਣਾ ਰਿਹਾ ਸੀ ਇਹ ਯੋਜਨਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।