ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ, ਜਾਣੋ ਕਿਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ

03/12/2021 7:41:40 PM

ਲੁਧਿਆਣਾ (ਸਲੂਜਾ)- ਆਉਣ ਵਾਲੇ 24 ਤੋਂ 36 ਘੰਟਿਆਂ ਦੌਰਾਨ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ’ਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲਣ ਦੇ ਨਾਲ ਹੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਹ ਜਾਣਕਾਰੀ ਚੰਡੀਗੜ੍ਹ ਮੌਸਮ ਵਿਭਾਗ ਦੇ ਮੌਸਮ ਮਾਹਿਰਾਂ ਨੇ ਦਿੱਤੀ ਹੈ। ਮਾਹਿਰਾਂ ਨੇ ਕਰਵਟ ਲੈ ਰਹੇ ਮੌਸਮ ਦੇ ਸਬੰਧ ’ਚ ਵਿਸ਼ੇਸ਼ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ 14 ਮਾਰਚ ਨੂੰ ਵੀ ਪੰਜਾਬ ਦੇ ਕੁਝ ਹਿੱਸਿਆਂ ’ਚ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਰਾਤ ਦੇ ਤਾਪਮਾਨ ਵਿਚ ਹਲਕੀ ਕਮੀ ਆ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਪਾਵਰਕੌਮ ਦਾ ਨਵਾਂ ਫਰਮਾਨ, ਮੁਲਾਜ਼ਮਾਂ ਨੂੰ ਰਿਲਾਇੰਸ ਜੀਓ ਦੀ ਸਿੰਮ ਵਰਤਣ ਦੇ ਹੁਕਮ

ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਜਿੱਥੇ ਦਿਨ ਦਾ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ ਸੀ, ਉਥੇ ਹੀ ਬੀਤੇ ਦੋ ਦਿਨਾਂ ਤੋਂ ਅਚਾਨਕ ਤੇਜ਼ ਹਵਾਵਾਂ ਚੱਲਣ ਕਾਰਨ ਲੋਕਾਂ ਨੂੰ ਕੁੱਝ ਰਾਹਤ ਜ਼ਰੂਰ ਮਿਲੀ ਹੈ। ਇਸ ਤੋਂ ਇਲਾਵਾ ਵੀਰਵਾਰ ਸ਼ਾਮ ਤੋਂ ਜਿੱਥੇ ਸੂਬੇ ਦੇ ਕਈ ਹਿੱਸਿਆਂ ਵਿਚ ਤੇਜ਼ ਹਵਾਵਾਂ ਚੱਲੀਆਂ, ਉਥੇ ਹੀ ਕਈ ਹਿੱਸਿਆਂ ਵਿਚ ਵੀਰਵਾਰ ਰਾਤ ਹਲਕੀ ਬਾਰਿਸ਼ ਦੀ ਵੀ ਖ਼ਬਰ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਵਲੋਂ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਮੁਲਾਕਾਤ, ਜਾਣੋ ਕੀ ਹੈ ਪੂਰਾ ਮਾਮਲਾ

ਮੌਸਮ ਵਿਭਾਗ ਦੀ ਭਵਿੱਖਬਾਣੀ, ਇਸ ਵਾਰ ਵੱਧ ਗਰਮੀ
ਪੰਜਾਬ 'ਚ ਇਸ ਵਾਰ ਫਰਵਰੀ ਮਹੀਨੇ ਦੌਰਾਨ ਹੀ ਗਰਮੀ ਨੇ ਪਿਛਲੇ 57 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਨੇ ਇਸ ਵਾਰ ਭਿਆਨਕ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਮਹਿਕਮੇ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਮੁਤਾਬਕ ਇਸ ਵਾਰ ਫਰਵਰੀ ਮਹੀਨੇ ਦੇ ਅਖ਼ੀਰ 'ਚ ਹੀ ਤਾਪਮਾਨ ਅਚਾਨਕ ਵੱਧ ਗਿਆ ਸੀ। ਲੁਧਿਆਣਾ 'ਚ ਅਖ਼ੀਰਲੇ ਦਿਨਾਂ ਦੌਰਾਨ 32 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਜੇ ਤੱਕ ਫਰਵਰੀ ਮਹੀਨੇ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਜਾ ਚੁੱਕਾ ਸੀ ਪਰ ਅਜਿਹਾ ਪਹਿਲੀ ਵਾਰ ਹੋਇਆ ਕਿ ਫਰਵਰੀ ਮਹੀਨੇ ਦੌਰਾਨ ਹੀ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੋਵੇ। ਉਨ੍ਹਾਂ ਕਿਹਾ ਕਿ ਇਹ ਇਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਜਿੱਥੇ ਲੋਕਾਂ ਨੂੰ ਦਿੱਕਤ ਹੋ ਸਕਦੀ ਹੈ, ਉੱਥੇ ਹੀ ਬਨਸਪਤੀ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਆਉਣ ਵਾਲੇ ਕੁੱਝ ਦਿਨਾਂ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ ਇਸ ਵਾਰ ਤਾਪਮਾਨ ਆਮ ਦਿਨਾਂ ਦੇ ਮੁਕਾਬਲੇ ਜ਼ਿਆਦਾ ਰਹੇਗਾ ਪਰ ਇਸ ਦਾ ਜ਼ਿਆਦਾ ਅਸਰ ਪੰਜਾਬ 'ਤੇ ਨਹੀਂ ਰਹੇਗਾ। ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਗਰਮੀ ਵਧਣ ਨਾਲ ਕਣਕ ਦੀ ਫ਼ਸਲ 'ਤੇ ਬੁਰਾ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ, ਵਲਟੋਹਾ ਦਾ ਪਿਆ ਬਾਦਲ ਦੇ ਜਵਾਈ ਨਾਲ ਪੇਚਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News