ਪੰਜਾਬ ’ਚ ਮੀਂਹਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ

Wednesday, May 31, 2023 - 06:35 PM (IST)

ਪੰਜਾਬ ’ਚ ਮੀਂਹਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ

ਚੰਡੀਗੜ੍ਹ : ਪੰਜਾਬ ਸਣੇ ਕਈ ਸੂਬਿਆਂ ’ਚ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ। ਮੌਸਮ ਵਿਭਾਗ ਮੁਤਾਬਿਕ ਪੱਛਮੀ ਗੜਬੜੀ ਕਾਰਨ ਮੌਸਮ ’ਚ ਭਾਰੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਮਾਨਸੂਨ 19 ਮਈ ਤੋਂ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ’ਤੇ ਅਟਕਿਆ ਹੋਇਆ ਸੀ ਪਰ ਹੁਣ ਇਸ ਨੇ ਰਫ਼ਤਾਰ ਫੜ ਲਈ ਹੈ ਅਤੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ 15 ਜੂਨ ਤੋਂ ਮੋਹਲੇਧਾਰ ਬਾਰਸ਼ ਹੋਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਮਾਨਸੂਨ ਨੂੰ 22 ਤੋਂ 26 ਮਈ ਤੱਕ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਨੂੰ ਪਾਰ ਕਰਕੇ ਬੰਗਾਲ ਦੀ ਖਾੜੀ ਵਿਚ ਅੱਗੇ ਵਧਣਾ ਚਾਹੀਦਾ ਸੀ ਪਰ ਮਾਨਸੂਨ ਇਥੇ ਅਟਕ ਗਿਆ ਅਤੇ 31 ਮਈ ਨੂੰ ਉਸ ਪੜਾਅ 'ਤੇ ਹੁਣ ਪਹੁੰਚਿਆ ਹੈ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿਚ ਮੰਗਲਵਾਰ ਨੂੰ ਵੀ ਮੀਂਹ ਪਿਆ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੰਗਲਵਾਰ ਬੱਦਲ ਛਾਏ ਰਹੇ ਅਤੇ ਕੁਝ ਥਾਵਾਂ ’ਤੇ ਹਲਕੀ ਤੋਂ ਭਾਰੀ ਬਾਰਿਸ਼ ਹੋਈ। ਜਲੰਧਰ ਵਿਚ ਮੰਗਲਵਾਰ ਤੇਜ਼ ਹਨ੍ਹੇਰੀ ਦੇ ਨਾਲ-ਨਾਲ ਭਾਰੀ ਬਾਰਿਸ਼ ਨੇ ਕਈ ਇਲਾਕੇ ਜਲ-ਥਲ ਕਰ ਦਿੱਤੇ। 

ਇਹ ਵੀ ਪੜ੍ਹੋ : ਪੰਜਾਬ ਵਿਚ ਵਧਾਈ ਗਈ ਸੁਰੱਖਿਆ, ਡੀ. ਜੀ. ਪੀ. ਨੇ ਪੁਲਸ ਅਫ਼ਸਰਾਂ ਨੂੰ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਅੱਗੇ ਕਿਹੋ ਜਿਹਾ ਰਹੇਗਾ ਮੌਸਮ

ਮੌਸਮ ਵਿਭਾਗ ਨੇ ਸੂਚਿਤ ਕੀਤਾ ਹੈ ਕਿ ਵੈਸਟਰਨ ਡਿਸਟਰਬੈਂਸ ਦੀ ਬਣੀ ਹੋਈ ਸਥਿਤੀ ਕਾਰਣ 1 ਜੂਨ ਤੋਂ ਉੱਤਰ-ਪੱਛਮ ਵਿਚ ਮੁੜ ਪੱਛਮੀ ਗੜਬੜ ਸ਼ੁਰੂ ਹੋ ਜਾਵੇਗੀ, ਜੋ ਮਾਨਸੂਨ ਦੀ ਰਫ਼ਤਾਰ ਨੂੰ ਆਪਣੀ ਸਥਿਤੀ ਵਿਚ ਰੱਖੇਗੀ। ਅਗਲੇ ਪੰਜ ਦਿਨਾਂ ਤੱਕ ਪੂਰੇ ਉੱਤਰ-ਪੱਛਮੀ ਭਾਰਤ ਵਿਚ 50 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੀਂਹ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਖਾਸ ਤੌਰ 'ਤੇ ਰਾਜਸਥਾਨ, ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ। 5 ਦਿਨਾਂ ਦੌਰਾਨ, ਉੱਤਰ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਹੇਠਾਂ ਰਹੇਗਾ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੇ ਵਿਸਥਾਰ ਤੋਂ ਬਾਅਦ ਮਹਿਕਮਿਆਂ ਵਿਚ ਵੱਡਾ ਫੇਰਬਦਲ

ਦੂਜੇ ਪਾਸੇ ਮੌਸਮ ਵਿਭਾਗ ਮੁਤਾਬਕ ਮਾਨਸੂਨ ਆਮ ਨਾਲੋਂ ਕਰੀਬ ਇਕ ਹਫ਼ਤਾ ਦੇਰੀ ਨਾਲ ਅੱਗੇ ਵਧ ਰਿਹਾ ਹੈ। ਇਸ ਰਫ਼ਤਾਰ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮਾਨਸੂਨ ਦੀ ਬਾਰਸ਼ ਇਕ ਜੂਨ ਨੂੰ ਕੇਰਲ ਅਤੇ ਤਾਮਿਲਨਾਡੂ, ਪੰਜ ਜੂਨ ਤੱਕ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਉੱਤਰ-ਪੂਰਬ 'ਚ ਸ਼ੁਰੂ ਹੋ ਜਾਵੇਗੀ। ਮਾਨਸੂਨ 10 ਜੂਨ ਤੱਕ ਮਹਾਰਾਸ਼ਟਰ ਅਤੇ ਤੇਲੰਗਾਨਾ ਪਹੁੰਚ ਜਾਵੇਗੀ। ਇਸ ਦੇ ਨਾਲ ਹੀ 15 ਜੂਨ ਤੋਂ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਉੜੀਸਾ, ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਮਾਨਸੂਨ ਦੀ ਭਾਰੀ ਬਾਰਿਸ਼ ਸ਼ੁਰੂ ਹੋ ਜਾਵੇਗੀ ਜਦਕਿ ਰਾਜਸਥਾਨ, ਹਰਿਆਣਾ, ਪੰਜਾਬ, ਉੱਤਰਾਖੰਡ, ਹਿਮਾਚਲ ਅਤੇ ਜੰਮੂ-ਕਸ਼ਮੀਰ ਵਿਚ 20 ਜੂਨ ਤੋਂ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋਵੇਗੀ। ਇਹ ਦੌਰ 8 ਜੁਲਾਈ ਤੱਕ ਜਾਰੀ ਰਹੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News