ਪੰਜਾਬ ਨੂੰ ਮੈਡੀਕਲ ਟੂਰਿਜ਼ਮ ਹੱਬ ਬਣਾਉਣ ਲਈ ਹੋਰ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਮੰਗ
Saturday, Dec 07, 2019 - 09:41 AM (IST)
ਮੋਹਾਲੀ/ਜਲੰਧਰ (ਅਸ਼ਵਨੀ, ਪਰਦੀਪ, ਧਵਨ)—ਪੰਜਾਬ ਨੂੰ ਮੈਡੀਕਲ ਹੱਬ ਵਜੋਂ ਵਿਕਸਤ ਕਰਨ ਲਈ ਪੰਜਾਬ ਇਨਵੈਸਟਰਜ਼ ਸਮਿਟ 'ਚ ਹਿੱਸਾ ਲੈਣ ਆਏ ਡੈਲੀਗੇਟਾਂ ਵਲੋਂ ਆਈ. ਐੱਸ. ਬੀ. ਮੋਹਾਲੀ ਵਿਖੇ ਆਯੋਜਿਤ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸੰਮੇਲਨ -2019 ਵਿਖੇ ਹੋਏ ਸੈਸ਼ਨ ਦੌਰਾਨ ਪੰਜਾਬ ਨੂੰ ਕੌਮਾਂਤਰੀ ਤੇ ਘਰੇਲੂ ਮੈਡੀਕਲ ਟੂਰਿਜ਼ਮ ਹੱਬ ਵਜੋਂ ਵਿਕਸਿਤ ਕਰਨ ਲਈ ਹੋਰ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਪੰਜਾਬ ਨੂੰ ਹੱਬ ਵਜੋਂ ਵਿਕਸਿਤ ਕਰਨ ਲਈ ਕਰਵਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਮੈਡੀਕਲ ਖੇਤਰ ਦੇ ਪ੍ਰਸਿੱਧ ਪ੍ਰਤੀਨਿਧਾਂ ਨੇ ਕਿਹਾ ਕਿ ਪੰਜਾਬ ਨੂੰ ਕੌਮਾਂਤਰੀ ਪੱਧਰ 'ਤੇ ਮੈਡੀਕਲ ਟੂਰਿਜ਼ਮ ਹੱਬ ਵਜੋਂ ਵਿਕਸਿਤ ਕਰਨ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਇਸ ਕਾਰਜ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ 'ਤੇ ਦਬਾਅ ਪਾ ਕੇ ਪੰਜਾਬ ਲਈ ਸੀ.ਆਈ.ਐੱਸ. ਦੇਸ਼ਾਂ ਜਿਵੇਂ ਉਜ਼ਬੇਕਿਸਤਾਨ, ਕਜ਼ਾਕਿਸਤਾਨ ਅਤੇ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਇੰਗਲੈਂਡ, ਆਸਟਰੇਲੀਆ ਦੇ ਐੱਨ.ਆਰ.ਆਈਜ਼ ਲਈ ਵਧੇਰੇ ਸਿੱਧੀਆਂ ਅੰਤਰਰਾਸ਼ਟਰੀ ਹਵਾਈ ਉਡਾਣਾਂ ਦੀ ਮੰਗ ਕਰਨੀ ਚਾਹੀਦੀ ਹੈ।
ਸੈਸ਼ਨ ਦੀ ਸ਼ੁਰੂਆਤ ਵਿਚ ਅਨੁਰਾਗ ਅਗਰਵਾਲ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨੇ ਪੰਜਾਬ ਵਿਚ ਸਿਹਤ ਆਧਾਰਿਤ ਮੌਜੂਦਾ ਬੁਨਿਆਦੀ ਢਾਂਚੇ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਸਮੇਂ ਪੰਜਾਬ 'ਚ 6 ਮੈਡੀਕਲ ਕਾਲਜ, 13 ਡੈਂਟਲ ਕਾਲਜ ਤੇ ਚੰਗੀ ਗਿਣਤੀ ਵਿਚ ਨਰਸਿੰਗ ਕਾਲਜ ਮੌਜੂਦ ਹਨ। ਇਸ ਤੋਂ ਇਲਾਵਾ ਦੇਸ਼ ਦੇ ਮੈਡੀਕਲ ਖੇਤਰ ਦੀਆਂ ਪ੍ਰਸਿੱਧ ਸਿਹਤ ਸੰਸਥਾਵਾਂ ਜਿਵੇਂ ਫੋਰਟਿਸ, ਮੈਕਸ, ਆਈਵੀ, ਅਪੋਲੋ, ਮੈਡਕਾਰਡ, ਸਵਿਫਟ, ਗਰੇਸ਼ੀਅਨ, ਗਲੋਬਲ, ਕੈਪੀਟੋਲ, ਸੀ. ਐੱਮ. ਸੀ., ਡੀ. ਐੱਮ. ਸੀ. ਵਲੋਂ ਹਸਪਤਾਲ ਸਥਾਪਿਤ ਕੀਤੇ ਗਏ ਹਨ। ਮੁੰਬਈ ਦੇ ਟਾਟਾ ਮੈਮੋਰੀਅਲ ਕੇਂਦਰ ਦੇ ਸਹਿਯੋਗ ਨਾਲ ਸੰਗਰੂਰ ਵਿਖੇ 100 ਬਿਸਤਰਿਆਂ ਵਾਲੇ ਹੋਮੀ ਭਾਭਾ ਕੈਂਸਰ ਹਸਪਤਾਲ ਦੀ ਸਥਾਪਨਾ ਕੀਤੀ ਗਈ ਹੈ। ਇਸ ਹਸਪਤਾਲ ਨੇ 2 ਸਾਲਾਂ 'ਚ 7000 ਮਰੀਜ਼ਾਂ ਦਾ ਇਲਾਜ ਕੀਤਾ ਹੈ ਜਦਕਿ 5 ਸਾਲਾਂ 'ਚ ਕੁੱਲ 12000 ਮਰੀਜ਼ਾਂ ਨੂੰ ਰਜਿਸਟਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਗੁਆਂਢ 'ਚ 350 ਏਕੜ ਦੇ ਰਕਬੇ 'ਚ ਅਤਿ-ਆਧੁਨਿਕ ਮੈਡੀਸਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ 'ਚ ਦੇਸ਼ ਦੇ ਸਿਹਤ ਖੇਤਰ ਦੇ ਮੋਹਰੀ ਗਰੁੱਪਾਂ ਵਲੋਂ ਆਪਣੇ ਹਸਪਤਾਲ ਤੇ ਖੋਜ ਕੇਂਦਰ ਖੋਲ੍ਹੇ ਜਾ ਰਹੇ ਹਨ।
ਪਦਮ ਭੂਸ਼ਣ ਐਵਾਰਡੀ ਡਾ ਕੇ. ਕੇ. ਤਲਵਾੜ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਕੇਂਦਰੀ ਏਸ਼ੀਆਈ ਦੇਸ਼ਾਂ, ਅਮਰੀਕਾ, ਬ੍ਰਿਟੇਨ ਵਿਚ ਵਸਦੇ ਪ੍ਰਵਾਸੀ ਭਾਰਤੀਆਂ ਅਤੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਰਗੇ ਲਾਗਲੇ ਰਾਜਾਂ ਤੋਂ ਮੈਡੀਕਲ ਟੂਰਿਜ਼ਮ ਦੀਆਂ ਭਰਪੂਰ ਸੰਭਾਵਨਾਵਾਂ ਮੌਜੂਦ ਹਨ। ਇਸ ਦੌਰਾਨ ਡਾ. ਕੇ. ਕੇ. ਤਲਵਾੜ ਤੋਂ ਇਲਾਵਾ ਇਸ ਵਿਚਾਰ ਵਟਾਂਦਰੇ ਵਿਚ ਹਿੱਸਾ ਲੈਣ ਵਾਲੇ ਹੋਰ ਪੈਨਲਿਸਟਾਂ 'ਚ ਡਾ. ਆਸ਼ੂਤੋਸ਼ ਰਘੂਵੰਸ਼ੀ (ਐੱਮ.ਡੀ. ਅਤੇ ਸੀ.ਈ.ਓ. ਫੋਰਟਿਸ ਹੈਲਥਕੇਅਰ), ਡਾ. ਅਨੁਪਮ ਸਿੱਬਲ (ਜੁਆਇੰਟ ਮੈਡੀਕਲ ਡਾਇਰੈਕਟਰ ਅਪੋਲੋ ਹਸਪਤਾਲ), ਸੀ. ਡੀ. ਆਰ. ਜੇਲਸਨ ਕਵਾਲਕਟ (ਸੀ.ਈ.ਓ. ਐਸਟਰ ਮੈਡਸਿਟੀ ਕੋਚੀ), ਡਾ. ਕੰਵਲਦੀਪ ਕੌਰ (ਮੈਡੀਕਲ ਡਾਇਰੈਕਟਰ ਆਈ.ਵੀ. ਹਸਪਤਾਲ), ਅਤੇ ਸਰਵਿਸ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਦੇ ਡਾਇਰੈਕਟਰ ਸ਼੍ਰੀਮਤੀ ਸੰਗੀਤਾ ਗੋਡਬੋਲੇ, ਆਈ.ਆਰ.ਐੱਸ. ਸ਼ਾਮਲ ਸਨ। ਇਸ ਸੈਸ਼ਨ 'ਚ ਮੁੰਬਈ, ਕੇਰਲ, ਨਵੀਂ ਦਿੱਲੀ, ਅੰਮ੍ਰਿਤਸਰ, ਜਲੰਧਰ, ਮੋਹਾਲੀ ਤੇ ਲੁਧਿਆਣਾ ਦੇ ਵੱਡੇ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੇ ਵੀ ਭਾਗ ਲਿਆ।