ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਬਸਪਾ ਸੁਪਰੀਮੋ ਮਾਇਆਵਤੀ ਦਾ ਵੱਡਾ ਐਲਾਨ

Tuesday, Aug 25, 2026 - 07:20 PM (IST)

ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਬਸਪਾ ਸੁਪਰੀਮੋ ਮਾਇਆਵਤੀ ਦਾ ਵੱਡਾ ਐਲਾਨ

ਲਖਨਊ (ਏਜੰਸੀ)- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਮੰਗਲਵਾਰ ਨੂੰ ਕਿਹਾ ਕਿ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਬਿਨਾਂ ਕਿਸੇ ਗੱਠਜੋੜ ਦੇ ਇਕੱਲਿਆਂ ਆਪਣੇ ਜ਼ੋਰ ’ਤੇ ਲੜੇਗੀ। 4 ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹੀ ਮਾਇਆਵਤੀ ਨੇ ਇੱਥੇ ਪਾਰਟੀ ਦੇ ਕੇਂਦਰੀ ਕੈਂਪ ਦਫ਼ਤਰ ਵਿਚ ਪੰਜਾਬ ਵਿਚ ਲੋਕ ਫਤਵਾ ਵਧਾਉਣ ਅਤੇ ਸੰਗਠਨ ਦੇ ਕੰਮਾਂ ਦੀ ਸਮੀਖਿਆ ਲਈ ਸੱਦੀ ਗਈ ਬੈਠਕ ਵਿਚ ਇਹ ਗੱਲ ਕਹੀ।

ਬਸਪਾ ਵੱਲੋਂ ਜਾਰੀ ਬਿਆਨ ਅਨੁਸਾਰ, ਮਾਇਆਵਤੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਾਂਗ ਬਿਨਾਂ ਕਿਸੇ ਨਾਲ ਗੱਠਜੋੜ ਕੀਤੇ ਇਕੱਲਿਆਂ ਲੜੀਆਂ ਜਾਣਗੀਆਂ, ਤਾਂ ਜੋ ਚੋਣ ਗੱਠਜੋੜ ਨਾਲ ਸੀਟ ਅਤੇ ਵੋਟ ਫੀਸਦੀ ਵਿਚ ਹੋਣ ਵਾਲੇ ਨੁਕਸਾਨ ਤੋਂ ਪਾਰਟੀ ਵਰਕਰਾਂ ਦੇ ਮਨੋਬਲ ’ਤੇ ਪੈਣ ਵਾਲੇ ਅਸਰ ਤੋਂ ਬਚਿਆ ਜਾ ਸਕੇ। ਬਸਪਾ ਮੁਖੀ ਨੇ ਅਗਲੇ ਸਾਲ ਦੀ ਸ਼ੁਰੂਆਤ ਵਿਚ ਪ੍ਰਸਤਾਵਿਤ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਿਹਨਤੀ ਅਤੇ ਇਮਾਨਦਾਰ ਲੋਕਾਂ ਨੂੰ ਉਮੀਦਵਾਰ ਬਣਾਉਣ ’ਤੇ ਜ਼ੋਰ ਦਿੱਤਾ, ਤਾਂ ਜੋ ਆਮ ਆਦਮੀ ਪਾਰਟੀ (ਆਪ), ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲੋਕ-ਵਿਰੋਧੀ ਰਵੱਈਏ ਤੋਂ ਤੰਗ ਆਈ ਜਨਤਾ ਨੂੰ ਅੰਬੇਡਕਰਵਾਦੀ ਨੀਤੀਆਂ ਦਾ ਲਾਭ ਮਿਲ ਸਕੇ।

ਮਾਇਆਵਤੀ ਨੇ ਕਿਹਾ ਕਿ ਬਸਪਾ ਦੀ ਪੰਜਾਬ ਇਕਾਈ ਨੂੰ 9 ਅਕਤੂਬਰ ਨੂੰ ਪਾਰਟੀ ਸੰਸਥਾਪਕ ਕਾਂਸ਼ੀ ਰਾਮ ਦੇ ਬਰਸੀ ਪ੍ਰੋਗਰਾਮ ਨੂੰ ਪੂਰੀ ਤਿਆਰੀ ਨਾਲ ਸਫਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ 15 ਜਨਵਰੀ, 2027 ਨੂੰ ‘ਜਨਕਲਿਆਣਕਾਰੀ ਦਿਵਸ’ ਦੇ ਮੌਕੇ ਆਰਥਿਕ ਸਹਿਯੋਗ ਨੂੰ ਪਿਛਲੀ ਵਾਰ ਨਾਲੋਂ ਬਿਹਤਰ ਕਰਨਾ ਹੈ, ਕਿਉਂਕਿ ਇਹ ਅੰਬੇਡਕਰਵਾਦੀ ਅੰਦੋਲਨ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਹੈ।


author

Anmol Tagra

Content Editor

Related News