ਹੁਣ ਵਿਆਹ-ਸ਼ਾਦੀਆਂ ਲਈ ਪਰਮਿਸ਼ਨ ਦੀ ਲੋੜ ਨਹੀਂ, ਜਾਣੋ ਕਿੰਨੇ ਲੋਕ ਹੋ ਸਕਣਗੇ ਸ਼ਾਮਲ
Thursday, May 21, 2020 - 12:15 PM (IST)
ਲੁਧਿਆਣਾ (ਪੰਕਜ) : ਲਾਕ ਡਾਊਨ 4.0 ਦੇ ਤਹਿਤ ਜ਼ਿਲਾ ਪ੍ਰਸ਼ਾਸਨ ਵੱਲੋਂ ਹੌਲੀ-ਹੌਲੀ ਪਿਛਲੇ ਕਈ ਦਿਨਾਂ ਤੋਂ ਲਾਈਆਂ ਪਾਬੰਦੀਆਂ 'ਚ ਛੋਟ ਦਿੱਤੀ ਜਾਣ ਲੱਗੀ ਹੈ, ਜਿਸ ਦੇ ਤਹਿਤ ਹੁਣ ਵਿਆਹ-ਸ਼ਾਦੀਆਂ ਸਮੇਤ ਹੋਰ ਸਮਾਜਕ ਪ੍ਰੋਗਰਾਮਾਂ ਲਈ ਕਿਸੇ ਵਿਸ਼ੇਸ਼ ਇਜਾਜ਼ਤ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ ਸਮਾਗਮ 'ਚ ਸ਼ਾਮਲ ਹੋਣ ਵਾਲਿਆਂ ਨੂੰ ਸੋਸ਼ਲ ਡਿਸਟੈਂਸ ਸਮੇਤ ਹੋਰਨਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਵਿਆਹ ਸਮਾਗਮ 'ਚ 50 ਵਿਅਕਤੀ ਹੀ ਸ਼ਾਮਲ ਹੋ ਸਕਣਗੇ। ਸਮਾਗਮ ਕਿਸੇ ਮੈਰਿਜ ਪੈਲੇਸ, ਬੈਂਕਟ ਹਾਲ, ਜੰਝਘਰ 'ਚ ਨਹੀਂ ਕੀਤਾ ਜਾ ਸਕੇਗਾ, ਮਤਲਬ ਪਹਿਲਾਂ ਵਾਂਗ ਸਮਾਗਮ ਲਈ ਲੋਕ ਘਰਾਂ 'ਚ ਜਾਂ ਖਾਲੀ ਜਗ੍ਹਾ ’ਤੇ ਟੈਂਟ ਲਗਾ ਕੇ ਸਮਾਗਮ ਕਰ ਸਕਣਗੇ, ਜਦੋਂ ਕਿ ਸਸਕਾਰ, ਭੋਗ, ਕਿਰਿਆ ਆਦਿ ਲਈ ਵੀ ਕਿਸੇ ਵਿਸ਼ੇਸ਼ ਪਰਮਿਸ਼ਨ ਦੀ ਲੋੜ ਨਹੀਂ ਹੈ ਪਰ ਇੱਥੇ ਵੀ 20 ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਹੈ। ਖਾਸ ਕਰ ਕੇ ਕੋਈ ਵੀ ਸਮਾਗਮ ਕਰਫਿਊ ਦੀ ਸਮਾਂ ਹੱਦ ਮਤਲਬ ਰਾਤ 7 ਵਜੇ ਤੋਂ ਸਵੇਰ ਦੇ 7 ਵਜੇ ਦੇ ਵਿਚ ਨਹੀਂ ਕੀਤਾ ਜਾ ਸਕੇਗਾ। ਉਧਰ, ਰਾਜ ਦੇ ਅੰਦਰ ਕਿਤੇ ਵੀ ਜਾਣ ’ਤੇ ਪਹਿਲਾਂ ਹੀ ਸਰਕਾਰ ਛੋਟ ਦੇ ਚੁੱਕੀ ਹੈ। ਹਾਲਾਂਕਿ ਦੂਜੇ ਰਾਜ ਵਿਚ ਜਾਣ ਲਈ ਦੋਵੇਂ ਰਾਜਾਂ ਤੋਂ ਇਜਾਜ਼ਤ ਤੋਂ ਇਲਾਵਾ ਸਿਹਤ ਸਰਟੀਫਿਕੇਟ ਸਬੂਤ ਵਜੋਂ ਜ਼ਰੂਰੀ ਹੈ।