ਮਾਨ ਸਰਕਾਰ ਨੇ ਇਕ ਮਹੀਨੇ ''ਚ 90 ਤੋਂ ਵੱਧ ਗੈਂਗਸਟਰਾਂ ਨੂੰ ਕੀਤਾ ਕਾਬੂ : ਅਮਨ ਅਰੋੜਾ

Sunday, Jul 24, 2022 - 07:18 PM (IST)

ਮਾਨ ਸਰਕਾਰ ਨੇ ਇਕ ਮਹੀਨੇ ''ਚ 90 ਤੋਂ ਵੱਧ ਗੈਂਗਸਟਰਾਂ ਨੂੰ ਕੀਤਾ ਕਾਬੂ : ਅਮਨ ਅਰੋੜਾ

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਤਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਰਣਾਇਕ ਤੇ ਦੂਰਅੰਦੇਸ਼ੀ ਅਗਵਾਈ ਵਿੱਚ ਸੂਬੇ 'ਚੋਂ ਅਪਰਾਧ ਨੂੰ ਠੱਲ੍ਹ ਪਾਉਣ ਲਈ ਹਾਲ ਹੀ 'ਚ ਬਣਾਈ ਪੰਜਾਬ ਪੁਲਸ ਦੀ ਐਂਟੀ-ਟਾਸਕ ਫੋਰਸ ਵੱਲੋਂ ਪਿਛਲੇ ਇਕ ਮਹੀਨੇ ਦੌਰਾਨ 90 ਤੋਂ ਵੱਧ ਗੈਂਗਸਟਰਾਂ ਨੂੰ ਕਾਬੂ ਜਾਂ ਖਤਮ ਕੀਤਾ ਜਾ ਚੁੱਕਾ ਹੈ। ਪਿਛਲੀਆਂ ਸਰਕਾਰਾਂ ‘ਤੇ ਗੈਂਗਸਟਰਾਂ ਅਤੇ ਡਰੱਗ ਮਾਫੀਆ ਦੀ ਪੁਸ਼ਤਪਨਾਹੀ ਕਰਨ ਦਾ ਦੋਸ਼ ਲਾਉਂਦਿਆਂ 'ਆਪ' ਦੇ ਮੰਤਰੀ ਨੇ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਜਲਦ ਤੋਂ ਜਲਦ ਅਪਰਾਧ ਦਾ ਰਾਹ ਛੱਡ ਦੇਣ, ਨਹੀਂ ਤਾਂ ਸਰਕਾਰ ਵੱਲੋਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਗੈਂਗਸਟਰਾਂ ਨੂੰ ਚੰਗੇ ਇਨਸਾਨ ਬਣ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਪਰਤਣ ਦੀ ਅਪੀਲ ਵੀ ਕੀਤੀ।

ਇਹ ਵੀ ਪੜ੍ਹੋ : ਠੱਗਾਂ ਨੇ ਠੱਗੀ ਦਾ ਲੱਭਿਆ ਨਵਾਂ ਰਾਹ, ਸੋਸ਼ਲ ਮੀਡੀਆ ’ਤੇ ਰੁਜ਼ਗਾਰ ਦੀ ਤਲਾਸ਼ ਕਰ ਰਹੇ ਲੋਕ ਸਾਵਧਾਨ!

ਇਥੇ ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਚਨਾ ਤੇ ਲੋਕ ਸੰਪਰਕ, ਨਵੀਂ ਅਤੇ ਨਵਿਆਉਣਯੋਗ ਊਰਜਾ ਸ੍ਰੋਤ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਖੂੰਖਾਰ ਗੈਂਗਸਟਰ ਅਤੇ ਡਰੱਗ ਮਾਫੀਆ ਧੜੱਲੇ ਨਾਲ ਵਧਿਆ-ਫੁੱਲਿਆ ਅਤੇ ਉਨ੍ਹਾਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਖਤਰਨਾਕ ਅਪਰਾਧੀਆਂ ਦੀ ਪੁਸ਼ਤਪਨਾਹੀ ਕੀਤੀ। ਉਨ੍ਹਾਂ ਕਿਹਾ ਕਿ  ‘ਆਪ’ ਨੇ ਸਰਕਾਰ ਬਣਨ ਤੋਂ ਬਾਅਦ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣ ਦਾ ਅਹਿਦ ਲਿਆ ਹੈ ਅਤੇ ਸੂਬੇ ਦੀ ਸ਼ਾਂਤੀ ਨੂੰ ਢਾਅ ਲਾਉਣ ਵਾਲੇ ਸਮਾਜ ਵਿਰੋਧੀ ਤੱਤਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ: 1 ਅਗਸਤ ਤੱਕ ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਰਹਿਣਗੇ ਬੰਦ

ਵਿਰੋਧੀ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ ਅਤੇ ਡਰੱਗ ਮਾਫੀਆ ਕਦੇ ਸਿਰ ਨਾ ਚੁੱਕਦਾ, ਜੇਕਰ ਉਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਪਨਾਹ ਨਾ ਦਿੱਤੀ ਹੁੰਦੀ। ਇਸੇ ਕਰਕੇ 2 ਮਹੀਨੇ ਪਹਿਲਾਂ ਮੋਹਾਲੀ ਸਥਿਤ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲਾ ਕਰਨ ਲਈ ਰਾਕੇਟ-ਪ੍ਰੋਪੈਲਡ ਗ੍ਰਨੇਡ (ਆਰ.ਪੀ.ਜੀ.) ਦੀ ਵਰਤੋਂ ਕੀਤੀ ਗਈ ਸੀ, ਜੋ ਕਿ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿਉਂ ਜੋ ਅਜਿਹੇ ਆਧੁਨਿਕ ਹਥਿਆਰਾਂ ਦੀ ਵਰਤੋਂ ਉਦੋਂ ਵੀ ਨਹੀਂ ਕੀਤੀ ਗਈ ਸੀ ਜਦੋਂ ਪੰਜਾਬ ਕਾਲੇ ਦੌਰ 'ਚੋਂ ਲੰਘ ਰਿਹਾ ਸੀ।

ਇਹ ਵੀ ਪੜ੍ਹੋ : 'ਹਲਵਾਰਾ ਏਅਰਪੋਰਟ ਸ਼ੁਰੂ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਪੰਜਾਬ ਸਰਕਾਰ'

ਅਰੋੜਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਅਪਰਾਧੀਆਂ ਵਿਰੁੱਧ ਜ਼ੀਰੋ-ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਇਹ ਜਰਾਇਮ-ਪੇਸ਼ਾ ਅਨਸਰ ਅਪਰਾਧ ਦਾ ਰਾਹ ਛੱਡਣ ਦੇਣ, ਨਹੀਂ ਤਾਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ‘ਚ ਅਪਰਾਧੀਆਂ ਦੀ ਪੁਸ਼ਤਪਨਾਹੀ ਕਰਨ ਵਾਲਾ ਕੋਈ ਨਹੀਂ ਹੈ, ਜਿਵੇਂ ਕਿ ਪਿਛਲੀ ਸਰਕਾਰ ਦੌਰਾਨ ਹੁੰਦਾ ਸੀ। ਉਨ੍ਹਾਂ ਨੇ ਅਪਰਾਧੀਆਂ ਨੂੰ ਤੁਰੰਤ ਆਤਮ-ਸਮਰਪਣ ਕਰਨ ਅਤੇ ਸਮਾਜ ਦੀ ਮੁੱਖ ਧਾਰਾ ‘ਚ ਵਾਪਸ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਗੈਂਗਸਟਰ ਆਤਮ-ਸਮਰਪਣ ਕਰਨ ਅਤੇ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਆਉਣ ਲਈ ਤਿਆਰ ਹੁੰਦੇ ਹਨ ਤਾਂ ਪੰਜਾਬ ਸਰਕਾਰ ਯਕੀਨ ਉਨ੍ਹਾਂ ਖਿਲਾਫ਼ ਨਰਮ ਰੁਖ ਅਖਤਿਆਰ ਕਰੇਗੀ।

ਇਹ ਵੀ ਪੜ੍ਹੋ : ਕੈਨੇਡਾ 'ਚ ਯਾਦਗਾਰੀ ਗੁਰੂ ਨਾਨਕ ਵਿਲੇਜ ਵੇ ਸਟ੍ਰੀਟ ਸਾਈਨ ਦਾ ਕੀਤਾ ਗਿਆ ਉਦਘਾਟਨ

ਇਹ ਦੱਸਦਿਆਂ ਕਿ ਮਾਨ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਛੇੜੀ ਹੋਈ ਹੈ ਅਤੇ ਨਸ਼ਿਆਂ ਦੇ ਖਾਤਮੇ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਅਰੋੜਾ ਨੇ ਪੰਜਾਬ ਪੁਲਸ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਸ ਟੀਮਾਂ ਨੇ 7 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜੋ ਕਿ ਇਕ ਦਿਨ ਵਿੱਚ ਹੋਣ ਵਾਲੀ ਸਭ ਤੋਂ ਵੱਡੀ ਰਿਕਵਰੀ ਹੈ। ਇਹ ਸਮੱਗਲਰਾਂ ਵੱਲੋਂ ਉੱਤਰ ਪ੍ਰਦੇਸ਼ ਤੋਂ ਲਿਆਂਦੀਆਂ ਗਈਆਂ ਸਨ। ਇਸੇ ਤਰ੍ਹਾਂ ਪੰਜਾਬ ਪੁਲਸ ਨੇ ਹੋਰ ਰਾਜਾਂ ਨਾਲ ਮਿਲ ਕੇ ਅੰਤਰਰਾਸ਼ਟਰੀ ਸਮੱਗਲਰਾਂ ਵੱਲੋਂ ਲਿਆਂਦੀ ਜਾ ਰਹੀ ਵੱਡੀ ਮਾਤਰਾ ਵਿੱਚ ਹੈਰੋਇਨ ਵੀ ਬਰਾਮਦ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News