''ਜਾਗੋ'' ਨੇ ਭਾਈ ਰਾਜੋਆਣਾ ਦੀ ਸਜ਼ਾ ਮੁਆਫੀ ਮਨਾਹੀ ਦਾ ਠੀਕਰਾ ਅਕਾਲੀ ਦਲ ''ਤੇ ਭੰਨਿਆ

12/04/2019 2:48:19 PM

ਜਲੰਧਰ (ਚਾਵਲਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਮਾਮਲੇ 'ਚ ਦੋਸ਼ੀ ਕਰਾਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਲੋਂ ਲੋਕ ਸਭਾ 'ਚ ਦਿੱਤੀ ਗਈ ਸਫਾਈ ਦੇ ਬਾਅਦ 'ਜਾਗੋ' ਪਾਰਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਦਰਅਸਲ ਸ਼ਾਹ ਨੇ ਕਾਂਗਰਸ ਦੇ ਲੋਕਸਭਾ ਸੰੰਸਦ ਮੈਂਬਰ ਅਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਦੇ ਸਵਾਲ ਦੇ ਜਵਾਬ 'ਚ ਸਾਫ਼ ਕਿਹਾ ਸੀ ਕਿ ਭਾਈ ਰਾਜੋਆਣਾ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਆਫ ਨਹੀਂ ਕੀਤਾ ਗਿਆ ਹੈ, ਜਿਸ ਕਰ ਕੇ ਜਾਗੋ-ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਮਸਲਿਆਂ ਉੱਤੇ ਸੰਭਲ ਕੇ ਬੋਲਣ ਦੀ ਨਸੀਹਤ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਦੀ ਉਮਰ ਕੈਦ ਦੀ ਸਜ਼ਾ ਮੁਆਫੀ ਦੀ ਮੀਡੀਆ ਵਲੋਂ ਜਾਰੀ ਕੀਤੀ ਗਈ ਗੈਰ-ਅਧਿਕਾਰਿਕ ਅਤੇ ਗੈਰ-ਪੁਸ਼ਟ ਖਬਰ 'ਤੇ ਹੀ ਅਕਾਲੀ ਦਲ ਦੇ ਆਗੂਆਂ ਨੇ ਪੁੰਨ ਖੱਟਣ ਦੀ ਜਲਦੀ 'ਚ ਕੌਮ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ, ਕਿਉਂਕਿ ਇਨ੍ਹਾਂ ਦੀ ਇਸ ਗਲਤੀ ਨਾਲ ਬੇਅੰਤ ਸਿੰਘ ਦੇ ਪਰਿਵਾਰ ਨੂੰ ਵੀ ਸਰਕਾਰ ਉੱਤੇ ਦਬਾਅ ਪਾਉਣ ਦਾ ਬੇਲੌੜਾ ਮੌਕਾ ਮਿਲ ਗਿਆ। ਉਨ੍ਹਾਂ ਕਿਹਾ ਕਿ ਕਮਾਲ ਇਸ ਗੱਲ ਦੀ ਹੈ ਕਿ ਅਕਾਲੀ ਦਲ ਦੀ ਸਰਕਾਰ 'ਚ ਮੰਤਰੀ ਹੋਣ ਦੇ ਬਾਵਜੂਦ ਇਹ ਲੋਕ ਗ੍ਰਹਿ ਮੰਤਰਾਲੇ ਤੋਂ ਖਬਰ ਦੀ ਪੁਸ਼ਟੀ ਨਹੀਂ ਕਰ ਪਾਏ ਸਗੋਂ ਪੁੰਨ ਖੱਟਣ ਦੀ ਹੋੜ ਵਿਚ ਧੜਾਧੜ ਟਵੀਟ ਕਰ ਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਧੰਨਵਾਦ ਕਰ ਦਿੱਤਾ। ਇਹ ਅਕਾਲੀ ਦਲ ਦੀ ਖੋਖਲੇ ਹੋਏ ਵਿਚਾਰਕ ਸਭਿਆਚਾਰ ਦੀ ਝਲਕੀ ਹੈ।

ਜੀ. ਕੇ. ਨੇ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਕੌਮ ਦੇ ਹੀਰੇ ਭਾਈ ਰਾਜੋਆਣਾ ਦਾ ਇਨ੍ਹਾਂ ਦੀ ਗਲਤੀ ਕਾਰਨ ਖੁੱਲ੍ਹੀ ਹਵਾ 'ਚ ਸਾਹ ਲੈਣ ਦਾ ਮੌਕਾ ਖੁੱਸ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਤੋਂ ਇਹ ਸਾਬਤ ਹੋ ਗਿਆ ਹੈ ਕਿ ਸਿੱਖ ਮਸਲਿਆਂ 'ਤੇ ਸਰਕਾਰ 'ਚ ਅਕਾਲੀ ਦਲ ਦੀ ਕੋਈ ਪੁੱਛ ਨਹੀਂ ਹੈ। ਇਨ੍ਹਾਂ ਦਾ ਕੰਮ ਤਾਂ ਸਿਰਫ ਸਰਕਾਰ ਦੇ ਸਿੱਖ ਪੱਖੀ ਫੈਸਲਿਆਂ ਉੱਤੇ ਆਪਣਾ ਲੇਬਲ ਲਾਉਣ ਦਾ ਰਹਿ ਗਿਆ ਹੈ। ਇਸ ਤੋਂ ਪਹਿਲਾਂ ਕਦੇ ਵੀ ਅਕਾਲੀ ਦਲ ਨੂੰ ਸਿੱਖ ਮਾਮਲਿਆਂਂ ਉੱਤੇ ਖੂੰਝੇ ਲਾਉਣ ਦੀ ਕਿਸੇ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਸੀ। ਪਹਿਲਾਂ ਅਕਾਲੀ ਦਲ ਦੀ ਲੀਡਰਸ਼ਿਪ ਹਮੇਸ਼ਾ ਸਿੱਖ ਮਸਲਿਆਂਂ ਨੂੰ ਚੁੱਕਣ ਅਤੇ ਹੱਲ ਕਰਵਾਉਣ ਲਈ ਜਾਣੀ ਜਾਂਦੀ ਸੀ ਪਰ ਹੁਣ ਇਕ ਪਰਿਵਾਰ ਦੀ ਅਗਵਾਈ ਵਿਚ ਚੱਲ ਰਹੀ ਪਾਰਟੀ ਸਿੱਖ ਮੁੱਦਿਆਂਂ ਉੱਤੇ ਉਤਪਾਦਕ ਦੀ ਜਗ੍ਹਾ ਦੂਜੇ ਉਤਪਾਦਕ ਦੇ ਮਾਲ ਦੀ ਮਾਰਕੀਟਿੰਗ ਕਰਨ ਤੱਕ ਸੀਮਤ ਹੋਣ ਦੇ ਨਾਲ ਸਿਰਫ ਪੁੰਨ ਖੱਟਣ ਲਈ ਕੰਮ ਕਰਨ ਵਾਲੀ ਪਾਰਟੀ ਹੋ ਗਈ ਹੈ।


Anuradha

Content Editor

Related News