ਗੁਰਦਾਸਪੁਰ ''ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, ਬਜ਼ੁਰਗ ਔਰਤ ਨਾਲ ਧੱਕਾ-ਮੁੱਕੀ ਕਰਕੇ ਖੋਹੀਆਂ ਵਾਲੀਆਂ
Monday, Aug 31, 2026 - 08:01 AM (IST)
ਗੁਰਦਾਸਪੁਰ (ਹਰਜਿੰਦਰ ਸਿੰਘ ਸੇਖਾ) : ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਕੋਟ ਸੰਤੋਖ ਰਾਏ ਵਿੱਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਘਰ ਵਿੱਚ ਇਕੱਲੀ ਬੈਠੀ ਇੱਕ ਬਜ਼ੁਰਗ ਔਰਤ ਦੇ ਕੰਨਾਂ ਵਿੱਚੋਂ ਦੋਵੇਂ ਵਾਲੀਆਂ ਝਪਟ ਕੇ ਦੋ ਅਣਪਛਾਤੇ ਲੁਟੇਰੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਅਨੁਸਾਰ, ਮੂੰਹ ਬੰਨ੍ਹ ਕੇ ਆਇਆ ਇੱਕ ਨੌਜਵਾਨ ਘਰ ਅੰਦਰ ਦਾਖਲ ਹੋਇਆ ਅਤੇ ਬਜ਼ੁਰਗ ਔਰਤ ਨਾਲ ਧੱਕਾ-ਮੁੱਕੀ ਕਰਦਿਆਂ ਉਸ ਦੇ ਦੋਵੇਂ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ। ਇਸ ਦੌਰਾਨ ਉਸ ਦਾ ਇੱਕ ਸਾਥੀ ਘਰ ਦੇ ਬਾਹਰ ਮੋਟਰਸਾਈਕਲ ਸਟਾਰਟ ਕਰਕੇ ਖੜ੍ਹਾ ਸੀ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ। ਔਰਤ ਵੱਲੋਂ ਰੌਲਾ ਪਾਉਣ ’ਤੇ ਉਸ ਦੇ ਪੁੱਤਰ ਅਮਰੀਕ ਸਿੰਘ ਅਤੇ ਸਥਾਨਕ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਉਹ ਭੱਜਣ ਵਿੱਚ ਕਾਮਯਾਬ ਰਹੇ। ਦੱਸਿਆ ਜਾ ਰਿਹਾ ਹੈ ਕਿ ਪੂਰੀ ਵਾਰਦਾਤ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ : CM ਮਾਨ ਖ਼ਿਲਾਫ਼ ਚੋਣ ਲੜਣਗੇ ਰਾਜਾ ਵੜਿੰਗ! ਹਾਈਕਮਾਂਡ ਨੂੰ ਕੀਤੀ ਅਪੀਲ
ਘਟਨਾ ਦੀ ਸੂਚਨਾ 112 ਨੰਬਰ ’ਤੇ ਦਿੱਤੇ ਜਾਣ ਤੋਂ ਬਾਅਦ ਥਾਣਾ ਧਾਰੀਵਾਲ ਦੇ ਐੱਸਐੱਚਓ ਅੰਮ੍ਰਿਤਪਾਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਸ ਵੱਲੋਂ ਘਟਨਾ ਸਥਾਨ ਦਾ ਨਿਰੀਖਣ ਕਰਨ ਦੇ ਨਾਲ-ਨਾਲ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਪੀੜਤ ਔਰਤ ਦੇ ਪੁੱਤਰ ਅਮਰੀਕ ਸਿੰਘ ਅਤੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਪੁਲਸ ਗਸ਼ਤ ਵਧਾਈ ਜਾਵੇ ਅਤੇ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਝਪਟਮਾਰਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
