ਪਲਾਜ਼ਮਾ ਦਾਨ ਕਰਨ ''ਚ ਤੇਜ਼ੀ ਲਿਆਉਣ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ

Friday, Aug 28, 2020 - 05:40 PM (IST)

ਪਲਾਜ਼ਮਾ ਦਾਨ ਕਰਨ ''ਚ ਤੇਜ਼ੀ ਲਿਆਉਣ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ

ਐੱਸ. ਏ. ਐੱਸ. ਨਗਰ (ਪ੍ਰਦੀਪ) : ਪਲਾਜ਼ਮਾ ਦਾਨ ਕਰਨ 'ਚ ਤੇਜ਼ੀ ਲਿਆਉਣ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਪਲਾਜ਼ਮਾ ਦਾਨੀਆਂ ਲਈ ਕੋਵਾ ਪੰਜਾਬ ਐਪ 'ਤੇ ਵਾਲੰਟੀਅਰ ਵਜੋਂ ਰਜਿਸਟ੍ਰੇਸ਼ਨ ਕਰਨ ਦੀ ਸਹੂਲਤ ਸ਼ੁਰੂ ਕੀਤੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐੱਸ. ਏ. ਐੱਸ. ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਉਨ੍ਹਾਂ ਅੱਗੇ ਦੱਸਿਆ ਕਿ ਕੋਵਿਡ-19 ਦੇ ਉਨ੍ਹਾਂ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ ਡਾਕਟਰਾਂ ਨੇ ਇਹ ਥੈਰੇਪੀ ਲੈਣ ਲਈ ਸਲਾਹ ਦਿੱਤੀ ਹੈ। ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦਿਆ, ਪਲਾਜ਼ਮਾ ਦੀ ਲੋੜੀਂਦੀ ਸਪਲਾਈ ਹੋਣਾ ਲਾਜ਼ਮੀ ਹੈ। ਇਸ ਲਈ ਪਲਾਜ਼ਮਾ ਦਾਨ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਕਰਨ ਲਈ, ਸੂਬਾ ਸਰਕਾਰ ਨੇ ਕੋਵਿਡ-19 ਨੂੰ ਮਾਤ ਦੇਣ ਵਾਲੇ ਵਿਅਕਤੀਆਂ ਲਈ ਆਨ-ਐਪ ਰਜਿਸਟ੍ਰੇਸ਼ਨ ਦੀ ਸਹੂਲਤ ਦਿੱਤੀ ਹੈ ਜੋ ਕੋਵਿਡ -19 ਦੇ ਗੰਭੀਰ ਮਰੀਜ਼ਾਂ ਦੀ   ਤੰਦਰੁਸਤੀ 'ਚ ਮਦਦ ਕਰਨ ਲਈ ਪਲਾਜ਼ਮਾ ਦਾਨ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੋਬਾਈਲ ਮੈਡੀਕਲ ਟੀਮਾਂ ਦਾ ਪ੍ਰਬੰਧ ਕੀਤਾ ਹੈ ਜੋ ਖ਼ੂਨ ਦੇ   ਨਮੂਨੇ ਲੈਣ ਲਈ ਦਾਨੀ ਦੇ ਘਰ ਭੇਜੇ ਜਾਣਗੇ। ਇਸ ਤੋਂ ਬਾਅਦ ਐਂਟੀਬਾਡੀਜ਼ ਦੀ ਲੋੜੀਂਦੀ ਮਾਤਰਾ ਦੀ ਮੌਜੂਦਗੀ ਲਈ ਨਮੂਨੇ ਦੀ ਜਾਂਚ ਕੀਤੀ ਜਾਏਗੀ। ਸਹੀ ਨਮੂਨਿਆਂ ਵਾਲੇ ਦਾਨੀਆਂ ਨਾਲ ਬਾਅਦ 'ਚ ਪਲਾਜ਼ਮਾ ਦਾਨ ਲਈ ਸੰਪਰਕ ਕੀਤਾ ਜਾਵੇਗਾ। ਇਕੱਠੇ ਕੀਤੇ ਪਲਾਜ਼ਮਾ ਨੂੰ ਪਲਾਜ਼ਮਾ ਥੈਰੇਪੀ ਕਰਵਾਉਣ ਦੇ ਅਧਿਕਾਰਤ ਹਸਪਤਾਲਾਂ ਦੇ ਪਲਾਜ਼ਮਾ ਬੈਂਕਾਂ 'ਚ ਸੁਰੱਖਿਅਤ ਰੱਖਿਆ ਜਾਏਗਾ ਅਤੇ ਲੋੜ ਪੈਣ 'ਤੇ ਕੋਵਿਡ-19 ਦੇ ਗੰਭੀਰ ਮਰੀਜ਼ਾਂ ਨੂੰ ਪਲਾਜ਼ਮਾ ਮੁਹੱਈਆ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਅਚਾਨਕ ਪਈਆਂ ਭਾਜੜਾਂ, ਬੰਬ ਨਿਰੋਧਕ ਦਸਤੇ ਨੂੰ ਦੇਖ ਲੋਕਾਂ ਦੇ ਉੱਡੇ ਹੋਸ਼

ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਵਾਲੰਟੀਅਰ ਬਣਨ ਦੀ ਅਪੀਲ ਕਰਦਿਆ ਦਿਆਲਨ ਨੇ ਕਿਹਾ ਕਿ ਪਲਾਜ਼ਮਾ ਦਾਨ ਇੱਕ ਸਾਧਾਰਣ, ਦਰਦ ਰਹਿਤ ਵਿਧੀ ਹੈ ਜਿਸਦਾ ਦਾਨੀ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਦਰਅਸਲ, ਜ਼ਿਲ੍ਹੇ ਦੇ ਬਹੁਤ ਸਾਰੇ ਅਧਿਕਾਰੀ ਜਿਨ੍ਹਾਂ ਨੇ ਕੋਰੋਨਾ ਨੂੰ ਸਫਲਤਾਪੂਰਵਕ ਮਾਤ ਦਿੱਤੀ ਹੈ, ਪਲਾਜ਼ਮਾ ਦਾਨ ਲਈ ਅੱਗੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੀ. ਸੀ. ਐਸ. ਅਧਿਕਾਰੀ ਐਸੋਸੀਏਸ਼ਨ ਨੇ ਪਲਾਜ਼ਮਾ ਦਾਨ ਲਈ ਸਹਿਮਤੀ ਵੀ ਦੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੇ ਤਿੰਨ ਹਸਪਤਾਲਾਂ ਫੋਰਟਿਸ, ਮੈਕਸ ਅਤੇ ਗਰੇਸ਼ੀਅਨ ਹਸਪਤਾਲ 'ਚ ਪਲਾਜ਼ਮਾ ਥੈਰੇਪੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹੁਣ ਚੌਥੇ ਹਸਪਤਾਲ, ਆਈ. ਵੀ. ਵਾਈ. ਹਸਪਤਾਲ ਨੂੰ ਵੀ ਇਸ ਦੀ ਮਨਜੂਰੀ ਦੇ ਦਿੱਤੀ ਗਈ ਹੈ ਜਿਸ ਨਾਲ ਪਲਾਜ਼ਮਾ ਟਰਾਂਸਫਿਊਜ਼ਨ ਦੀ ਗਤੀ 'ਚ ਤੇਜ਼ੀ ਆਵੇਗੀ। ਜ਼ਿਲ੍ਹੇ 'ਚ ਦਾਨੀ ਅਤੇ ਪਲਾਜ਼ਮਾ ਥੈਰੇਪੀ ਲਈ ਸਾਰੇ ਉਪਕਰਨ ਉਪਲੱਬਧ ਹਨ ਪਰ ਉਨ੍ਹਾਂ ਲੋਕਾਂ ਵਲੋਂ ਦਿੱਤਾ ਪਲਾਜ਼ਮਾ ਹੀ ਸਹੀ ਮੰਨਿਆ ਜਾਂਦਾ ਹੈ ਜੋ ਇਸ ਬਿਮਾਰੀ ਤੋਂ ਘੱਟੋ ਘੱਟ 2 ਤੋਂ 3 ਹਫ਼ਤੇ ਪਹਿਲਾਂ ਸਿਹਤਯਾਬ ਹੋ ਚੁੱਕੇ ਹਨ। ਇਸ ਲਈ ਸਮੇਂ ਦੀ ਲੋੜ ਹੈ ਕਿ ਕੋਵਿਡ ਨੂੰ ਮਾਤ ਦੇਣ ਵਾਲੇ ਮਰੀਜ਼ ਲੋੜਵੰਦ ਨਾਗਰਿਕਾਂ ਲਈ ਪਲਾਜ਼ਮਾ ਦਾਨ ਕਰਨ ਵਾਸਤੇ ਅੱਗੇ ਆਉਣ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕਦਮ, ਪੰਜਾਬ ਦੇ ਇਸ ਸ਼ਹਿਰ 'ਚ ਲੱਗਿਆ ਕਰਫ਼ਿਊ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਬਹੁਪੱਖੀ ਰਣਨੀਤੀ ਅਪਣਾਈ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਐੱਸ. ਏ. ਐੱਸ. ਨਗਰ ਇਸ ਮੁਸ਼ਕਲ ਸਮੇਂ ਦੌਰਾਨ ਲੋਕਾਂ ਦੀ ਮਦਦ ਲਈ ਵਚਨਬੱਧ ਹੈ ਤਾਂ ਜੋ ਕੋਰੋਨਾ ਵਾਇਰਸ ਖ਼ਿਲਾਫ਼ ਵਿੱਢੀ ਜੰਗ ਜਿੱਤੀ ਜਾ ਸਕੇ। ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ, ਹੱਥ ਧੋਣ, ਸਮਾਜਕ ਦੂਰੀ ਬਣਾਏ ਰੱਖਣ, ਬਜ਼ੁਰਗਾਂ ਅਤੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਕਰਨ, ਬਿਮਾਰੀ ਨੂੰ ਠੱਲ੍ਹ ਪਾਉਣ ਸਬੰਧੀ ਸੁਰੱਖਿਆ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ।


author

Anuradha

Content Editor

Related News