ਗੁਰਦੁਆਰਾ ਸਾਹਿਬ ’ਚ ਗੁਰੂ ਸਾਹਿਬ ਦੀ ਹਜ਼ੂਰੀ ’ਚ ਹੋਈ ਝੜਪ ਦੇ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ
Saturday, Sep 17, 2022 - 06:25 PM (IST)
ਫ਼ਰੀਦਕੋਟ (ਰਾਜਨ) : ਅੱਜ ਸੰਗਰਾਂਦ ਦੇ ਮੌਕੇ ’ਤੇ ਪਾਏ ਗਏ ਭੋਗ ਦੌਰਾਨ ਸਥਾਨਕ ਜਰਮਨ ਕਲੋਨੀ ਦੇ ਗੁਰਦੁਆਰਾ ਨਿਸ਼ਾਨ ਸਾਹਿਬ ਵਿਖੇ ਹੋਈ ਦੋ ਧਿਰਾਂ ਦੀ ਜ਼ਬਰਦਸਤ ਝੜਪ ਦੇ ਮਾਮਲੇ ਵਿਚ ਸਥਾਨਕ ਥਾਣਾ ਸਿਟੀ ਵਿਖੇ 9 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਇਨ੍ਹਾਂ ’ਚੋਂ 3 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਸਿਟੀ ਫ਼ਰੀਦਕੋਟ ਤੋਂ ਪ੍ਰਾਪਤ ਵੇਰਵੇ ਅਨੁਸਾਰ ਇਹ ਮੁਕੱਦਮਾ ਅਧੀਨ ਧਾਰਾ 295/354/341/323/123/148/149 ਤਹਿਤ ਇਸ ਝੜਪ ਵਿਚ ਜ਼ਖਮੀ ਹੋ ਜਾਣ ਦੀ ਸੂਰਤ ਵਿਚ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਜੇਰੇ ਇਲਾਜ ਪ੍ਰਭਜੀਤ ਕੌਰ ਦੇ ਬਿਆਨਾਂ ’ਤੇ ਦਰਜ ਕਰ ਲਿਆ ਗਿਆ ਹੈ। ਥਾਣਾ ਸਿਟੀ ਮੁਖੀ ਸੰਦੀਪ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਸ ਵੱਲੋਂ ਇਸ ਘਟਨਾਂ ’ਤੇ ਸਾਰੀਆਂ ਹੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰ ਵੀ ਜਲਦ ਹੀ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ : ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਜ਼ਬਰਦਸਤ ਝੜਪ, ਸੰਗਰਾਂਦ ਮੌਕੇ ਗੁਰੂ ਸਾਹਿਬ ਦੀ ਹਜ਼ੂਰੀ ’ਚ ਚੱਲੀਆਂ ਤਲਵਾਰਾਂ
ਕੀ ਹੈ ਪੂਰਾ ਮਾਮਲਾ
ਫਰੀਦਕੋਟ ਦੀ ਜਰਮਨ ਕਲੋਨੀ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਹੀ ਦੋ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਇਸ ਝੜਪ ਇੰਨੀ ਵੱਧ ਗਈ ਕਿ ਦੋਵਾਂ ਧਿਰਾਂ ਵਲੋਂ ਇਕ ਦੂਜੇ ’ਤੇ ਸਿਰਫ ਘਸੁੰਨ-ਮੁੱਕੇ ਹੀ ਨਹੀਂ ਵਰ੍ਹਾਏ ਗਏ ਸਗੋਂ ਕ੍ਰਿਪਾਨਾਂ ਤੱਕ ਵੀ ਚੱਲ ਗਈਆਂ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਸਜਾਏ ਗਏ ਪਵਿੱਤਰ ਸ਼ਸਤਰ ਚੁੱਕ ਕੇ ਹੀ ਇਕ ਦੂਜੇ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਗੁਰੂ ਸਾਹਿਬ ਦੀ ਹਜ਼ੂਰੀ ਵਿਚ ਹੋਏ ਇਸ ਖੂਨੀ ਸੰਗਰਾਮ ਵਿਚ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ। ਦੱਸਣਯੋਗ ਹੈ ਕਿ ਸੰਗਰਾਂਦ ਮੌਕੇ ਗੁਰਦੁਆਰਾ ਸਾਹਿਬ ਦੇ ਹਾਲ ਵਿਖੇ ਭਾਰੀ ਗਿਣਤੀ ਵਿਚ ਸੰਗਤਾਂ ਬੜੀ ਸ਼ਰਧਾ ਨਾਲ ਆਪਣੀ ਹਾਜ਼ਰੀ ਲਗਾਉਣ ਲਈ ਆਈਆਂ ਹੋਈਆਂ ਸਨ। ਇਹ ਘਟਨਾਂ ਉਸ ਵੇਲੇ ਵਾਪਰੀ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਭੋਗ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਕੇ ਅਜੇ ਬੈਠਣ ਹੀ ਲੱਗੇ ਸਨ ਤਾਂ ਸੰਗਤਾਂ ਵਿਚ ਪਹਿਲਾਂ ਤੋਂ ਹੀ ਆਪਣੇ ਸਾਥੀਆਂ ਸਮੇਤ ਬੈਠੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਦੀ ਪ੍ਰਧਾਨਗੀ ਨੂੰ ਲੈ ਕੇ ਬਹਿਸ ਹੋ ਗਈ ਅਤੇ ਫਿਰ ਇਸ ਨੇ ਗੰਭੀਰ ਰੂਪ ਧਾਰਣ ਕਰ ਲਿਆ। ਇਸ ਦੌਰਾਨ ਇਕ ਦੂਸਰੇ ’ਤੇ ਵਾਰ ਕਰਨ ਲਈ ਹਮਲਾਵਰਾਂ ਨੇ ਪਵਿੱਤਰ ਸ਼ਸਤਰ ਚੁੱਕ ਲਏ ਅਤੇ ਇਸ ਦੂਸਰੇ ਨੂੰ ਗਾਲੀ-ਗਲੋਚ ਕਰਕੇ ਇਕ ਦੂਸਰੇ ਦੀਆਂ ਪੱਗਾਂ ਵੀ ਲਾਹ ਦਿੱਤੀਆਂ। ਪ੍ਰਾਪਤ ਵੇਰਵੇ ਅਨੁਸਾਰ ਇਸ ਘਟਨਾਂ ਵਿਚ ਪਤੀ-ਪਤਨੀ ਦੇ ਜ਼ਖਮੀ ਹੋ ਜਾਣ ਦੀ ਸੂਰਤ ਵਿਚ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਦਕਿ ਪੁਲਸ ਕਾਰਵਾਈ ਜਾਰੀ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਖ਼ਤਰਨਾਕ ਸ਼ੂਟਰਾਂ ਦਾ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਵੱਡਾ ਕਾਰਨਾਮਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।