ਮਜੀਠੀਆ ਨੇ ਹਿਮਾਚਲ ''ਚ ਕੁੱਟਮਾਰ ਦਾ ਸ਼ਿਕਾਰ ਵਿਦੇਸ਼ੀ ਪੰਜਾਬੀ ਜੋੜੇ ਨਾਲ ਕੀਤੀ ਮੁਲਾਕਾਤ
Monday, Jun 17, 2024 - 10:56 AM (IST)
ਮਾਨਸਾ/ ਬੁਢਲਾਡਾ (ਸੰਦੀਪ ਮਿੱਤਲ, ਮਨਜੀਤ) : ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਦੇ ਇਕ ਪੰਜਾਬੀ ਕੁੜੀ ਵੱਲੋਂ ਚੰਡੀਗੜ੍ਹ ਏਅਰਪੋਰਟ ’ਤੇ ਥੱਪੜ ਮਾਰਨ ਦੀ ਘਟਨਾ ਮਗਰੋਂ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ 'ਚ ਅੱਤਵਾਦ ਫੈਲ ਰਿਹਾ ਹੈ। ਇਸ ਦੇ ਨਤੀਜੇ ਵਜੋਂ ਹਿਮਾਚਲ ਪ੍ਰਦੇਸ਼ ਘੁੰਮਣ ਗਏ ਵਿਦੇਸ਼ੀ ਪੰਜਾਬੀ ਜੋੜੇ ਦੀ ਕੁੱਟਮਾਰ ਕਰਨ ਦੀ ਅਕਾਲੀ ਨੇਤਾ ਬਿਕਰਮ ਜੀਤ ਸਿੰਘ ਮਜੀਠੀਆ ਨੇ ਨਿਖ਼ੇਧੀ ਕੀਤੀ ਹੈ। ਉਨ੍ਹਾਂ ਨੇ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਦਾਖ਼ਲ ਵਿਦੇਸ਼ੀ ਪੰਜਾਬੀ ਜੋੜੇ ਨਾਲ ਗੱਲਬਾਤ ਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰ ਕੇ ਕਿਹਾ ਹੈ ਕਿ ਹਿਮਾਚਲ 'ਚ ਪੰਜਾਬੀਆਂ ’ਤੇ ਹਮਲੇ ਕਰ ਕੇ ਇਸ ਤਰ੍ਹਾਂ ਕੁੱਟਮਾਰ ਕਰਨਾ ਨਫ਼ਰਤ ਭਰੇ ਭਾਸ਼ਣਾਂ ਕਰਕੇ, ਇਹ ਗਲਤ ਹੈ।
ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਅਪੀਲ ਕੀਤੀ ਕਿ ਉਹ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਨੂੰ ਲਗਾਮ ਪਾਉਣ ਤਾਂ ਜੋ ਉਨ੍ਹਾਂ ਦੇ ਭਾਸ਼ਣਾਂ ਕਰ ਕੇ ਕੁੜੱਤਣ ਨਾ ਵਧੇ। ਮਜੀਠੀਆ ਨੇ ਇਸ ਕੁੱਟਮਾਰ ਦੇ ਮਾਮਲੇ ਦੀ ਜਾਂਚ ਕਰ ਕੇ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਹ ਘਟਨਾ ਸਮੁੱਚੇ ਪੰਜਾਬੀਆਂ ਲਈ ਮਾੜਾ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਆਪਣੇ ਐੱਮ. ਪੀ. ਕੰਗਣਾ ਰਣੌਤ ਖ਼ਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।