ਲਗਜ਼ਰੀ ਗੱਡੀਆਂ ਦਾ ਸ਼ੌਕੀਨ ਨਸ਼ਾ ਸਮੱਗਲਰ 2 ਕਿਲੋ ਹੈਰੋਇਨ ਸਣੇ ਗ੍ਰਿਫਤਾਰ
Thursday, Jun 23, 2022 - 10:52 PM (IST)
ਲੁਧਿਆਣਾ (ਅਨਿਲ)-ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਲੁਧਿਆਣਾ ਟੀਮ ਨੇ ਨਸ਼ਾ ਸਮੱਗਲਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਇਕ ਨਸ਼ਾ ਸਮੱਗਲਰ ਨੂੰ 2 ਕਿਲੋ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਪੁਲਸ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਇਕ ਨਸ਼ਾ ਸਮੱਗਲਰ ਐਕਟਿਵਾ ’ਤੇ ਹੈਰੋਇਨ ਦੀ ਵੱਡੀ ਖੇਪ ਲੈ ਕੇ ਮੋਤੀ ਨਗਰ ਇਲਾਕੇ ’ਚ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਆ ਰਿਹਾ ਹੈ। ਐੱਸ. ਟੀ. ਐੱਫ. ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਗਲਾਡਾ ਕਮਿਊਨਿਟੀ ਕਲੱਬ ਸੈਕਟਰ-39 ’ਚ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਐਕਟਿਵਾ ਦੀ ਡਿੱਕੀ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਇਕ ਕਿਲੋ 250 ਗ੍ਰਾਮ ਹੈਰੋਇਨ, ਇਕ ਇਲੈਕਟ੍ਰੋਨਿਕ ਕੰਡਾ, 40 ਖਾਲੀ ਲਿਫਾਫੇ ਬਰਾਮਦ ਕੀਤੇ ਗਏ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਆਕਾਸ਼ ਚੋਪੜਾ ਹਨੀ (31) ਪੁੱਤਰ ਸੰਜੇ ਚੋਪੜਾ ਵਾਸੀ ਮੁਹੱਲਾ ਗੁਰਮੇਲ ਪਾਰਕ ਟਿੱਬਾ ਰੋਡ ਦੇ ਰੂਪ ’ਚ ਕੀਤੀ ਗਈ ਹੈ। ਮੁਲਜ਼ਮ ਖਿਲਾਫ ਥਾਣਾ ਐੱਸ. ਟੀ. ਐੱਫ. ਮੋਹਾਲੀÇ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘SYL’ ਯੂਟਿਊਬ ’ਤੇ ਛਾਇਆ, 30 ਮਿੰਟਾਂ ’ਚ ਹੋਏ 1 ਮਿਲੀਅਨ ਵਿਊ
ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਆਕਾਸ਼ ਚੋਪੜਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ’ਤੇ ਜਦੋਂ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਅਲਮਾਰੀ ’ਚੋਂ 800 ਗ੍ਰਾਮ ਹੈਰੋਇਨ ਅਤੇ 8 ਲੱਖ ਦੀ ਡਰੱਗ ਮਨੀ ਵੀ ਬਰਾਮਦ ਹੋਈ। ਜਦੋਂ ਐੱਸ. ਟੀ. ਐੱਫ. ਨੇ ਉਸ ਦੇ ਦੂਜੇ ਘਰ ਅਤੇ ਖਾਲੀ ਪਲਾਟ ਦੀ ਤਲਾਸ਼ੀ ਲਈ ਤਾਂ ਉਥੋਂ ਇਕ ਬੁਲੇਟ ਮੋਟਰਸਾਈਕਲ, ਇਕ ਹੀਰੋ ਐੱਚ. ਐੱਫ. ਮੋਟਰਸਾਈਕਲ, ਇਕ ਸਪਲੈਂਡਰ ਮੋਟਰਸਾਈਕਲ ਅਤੇ ਦੋ ਐਕਟਿਵਾ ਅਤੇ ਇਕ ਮੈਸਟਰੋ ਸਕੂਟਰੀ ਬਰਾਮਦ ਕੀਤੀ ਗਈ, ਨਾਲ ਹੀ ਉਸ ਦੇ ਖਾਲੀ ਪਲਾਟ ’ਚ ਖੜ੍ਹੀ ਫਾਰਚਿਊਨਰ, ਇਕ ਸਵਿਫਟ ਕਾਰ, ਇਕ ਐਸੇਂਟ ਕਾਰ, ਇਕ ਲੈਂਸਰ ਕਾਰ ਅਤੇ ਇਕ ਮੈਕਡੇਜ਼ ਕਾਰ ਬਰਾਮਦ ਕੀਤੀ ਗਈ। ਮੁਲਜ਼ਮ ਦੇ ਤੀਜੇ ਟਿਕਾਣੇ ਤੋਂ ਅੱਜ ਸਵੇਰੇ ਇਕ ਆਲਟੋ ਕਾਰ, ਇਕ ਜਿਪਸੀ ਅਤੇ ਇਕ ਸਵਿਫਟ ਕਾਰ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮ ਆਕਾਸ਼ ਚੋਪੜਾ ਮਹਿੰਗੀਆਂ ਲਗਜ਼ਰੀ ਕਾਰਾਂ ਰੱਖਣ ਦਾ ਸ਼ੌਕੀਨ ਹੈ, ਜਿਸ ਨੇ ਆਪਣੀਆਂ 6 ਗੱਡੀਅਾਂ ਦੇ ਸ਼ੀਸ਼ੇ ਜ਼ੈੱਟ ਬਲੈਕ ਫਿਲਮ ਲਗਾ ਰੱਖੀ ਹੈ ਅਤੇ ਕਈ ਗੱਡੀਆਂ ਦੇ ਅੰਦਰ ਹੂਟਰ ਵੀ ਲਾਏ ਹੋਏ ਹਨ।
ਇਹ ਵੀ ਪੜ੍ਹੁੋ : ਹੁਣ ਇਸ ਸਾਬਕਾ ਕਾਂਗਰਸੀ ਵਿਧਾਇਕ ਨੂੰ ਫ਼ੋਨ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ
ਮੁਲਜ਼ਮ ’ਤੇ ਪਹਿਲਾਂ ਵੀ ਕਈ ਕੇਸ ਦਰਜ, ਮਾਂ-ਬਾਪ ਨੇ ਕਰ ਦਿੱਤਾ ਬੇਦਖਲ
ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਆਪਣੇ ਪਿਤਾ ਨਾਲ ਕਚਹਿਰੀ ’ਚ ਚਾਹ ਦੀ ਦੁਕਾਨ ਚਲਾਉਂਦਾ ਸੀ ਪਰ ਬਾਅਦ ’ਚ ਮੁਲਜ਼ਮ ਬੁਰੀ ਸੰਗਤ ’ਚ ਪੈ ਗਿਆ, ਜਿਸ ਤੋਂ ਬਾਅਤ ਮੁਲਜ਼ਮ ਦੇ ਮਾਂ-ਬਾਪ ਨੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਘਰੋਂ ਬੇਦਖਲ ਕਰ ਦਿੱਤਾ, ਜਿਸ ’ਤੇ ਨਸ਼ਾ ਸਮੱਗÇਲਿੰਗ ਅਤੇ ਹੋਰ ਕਈ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਹਨ।