ਧੂੜ ਭਰੀ ਹਨ੍ਹੇਰੀ ਤੇ ਮੀਂਹ ਨੇ ਬਦਲਿਆ ਮੌਸਮ ਦਾ ਮਿਜ਼ਾਜ, ਡਿਗਿਆ ਪਾਰਾ
Friday, May 29, 2020 - 08:25 AM (IST)
ਲੁਧਿਆਣਾ (ਸਲੂਜਾ) : ਲੁਧਿਆਣਾ 'ਚ ਬੀਤੇ ਦਿਨ ਮੌਸਮ ਨੇ ਕਈ ਰੰਗ ਬਦਲੇ। ਸਵੇਰੇ ਮੌਸਮ ਬਿਲਕੁਲ ਸਾਫ ਸੀ। ਸੂਰਜ ਦੇਵਤਾ ਪ੍ਰਗਟ ਹੋਏ ਪਰ ਫਿਰ ਹਵਾਵਾਂ ਚੱਲਣ ਲੱਗੀਆਂ, ਜੋ ਦੁਪਹਿਰ ਹੁੰਦੇ-ਹੁੰਦੇ ਧੂੜ ਭਰੀ ਹਨ੍ਹੇਰੀ ਦਾ ਰੂਪ ਧਾਰਨ ਕਰ ਗਈ। ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਧੂੜ-ਧੂੜ ਹੀ ਜਮ੍ਹਾਂ ਹੋਣ ਨਾਲ ਸ਼ਾਮ ਇਕਦਮ ਰਾਤ 'ਚ ਤਬਦੀਲ ਹੋ ਗਈ। ਹਨ੍ਹੇਰੀ ਦੀ ਵਜ੍ਹਾ ਨਾਲ ਸੜਕਾਂ ’ਤੇ ਚੱਲ ਰਹੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਉਸ ਤੋਂ ਬਾਅਦ ਬਾਰਸ਼ ਨੇ ਦਸਤਕ ਦਿੱਤੀ, ਜਿਸ ਨਾਲ ਤਾਪਮਾਨ 5 ਡਿਗਰੀ ਡਿੱਗ ਕੇ 39 ਡਿਗਰੀ ਸੈਲਸੀਅਸ ’ਤੇ ਆ ਗਿਆ ਅਤੇ ਲੁਧਿਆਣਵੀਆਂ ਨੇ ਰਾਹਤ ਮਹਿਸੂਸ ਕੀਤੀ। ਉੱਥੇ ਇਸ ਸਾਲ ਦੀ ਪਹਿਲੀ ਧੂੜ ਭਰੀ ਹਨ੍ਹੇਰੀ ਨਾਲ ਪਾਵਰਕਾਮ ਦਾ ਸਮੁੱਚਾ ਸਿਸਟਮ ਡਗਮਗਾ ਕੇ ਰਹਿ ਗਿਆ। ਜ਼ਿਆਦਾਤਰ ਇਲਾਕਿਆਂ 'ਚ ਬਿਜਲੀ ਗੁੱਲ ਹੋਣ ਨਾਲ ਬਲੈਕ ਆਊਟ ਵਰਗੇ ਹਾਲਾਤ ਬਣ ਗਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਘੱਟੋ-ਘੱਟ ਤਾਪਮਾਨ 27.4 ਡਿਗਰੀ ਸੈਲਸੀਅਸ ਰਿਹਾ।