ਪੰਜਾਬ ''ਚ ਸਭ ਤੋਂ ਪਹਿਲਾਂ ਲੁਧਿਆਣਾ ਥਾਣੇ ''ਚ ਕਾਨਫਰੰਸ ਹਾਲ ਦਾ ਉਦਘਾਟਨ
Saturday, Aug 10, 2019 - 12:29 PM (IST)

ਲੁਧਿਆਣਾ (ਕੁਲਵੰਤ) : ਪੰਜਾਬ ਪੁਲਸ ਨੇ ਇਕ ਬਿਹਤਰ ਸ਼ੁਰੂਆਤ ਲੁਧਿਆਣਾ 'ਚ ਕੀਤੀ ਹੈ। ਪੁਲਸ ਦਾ ਸਮਾਂ ਅਤੇ ਪੈਟਰੋਲ ਬਚਾਉਣ ਲਈ ਜ਼ੋਨ ਵਾਈਜ਼ ਮੀਟਿੰਗ ਅਟੈਂਡ ਕਰਨ ਲਈ ਹੁਣ ਉਨ੍ਹਾਂ ਨੂੰ ਪੁਲਸ ਕਮਿਸ਼ਨਰ ਦਫਤਰ 'ਚ ਨਹੀਂ ਜਾਣਾ ਪਵੇਗਾ, ਸਗੋਂ ਹੁਣ ਉਹੀ ਮੀਟਿੰਗ ਥਾਣੇ ਦੇ ਅੰਦਰ ਬਣਾਏ ਗਏ ਨਵੇਂ ਕਾਨਫਰੰਸ ਹਾਲ 'ਚ ਹੀ ਹੋਵੇਗੀ, ਜਿਸ ਨਾਲ ਪੁਲਸ ਕਮਿਸ਼ਨਰ ਦਫਤਰ 'ਚ ਸ਼ਿਕਾਇਤ ਦੇਣ ਆਏ ਲੋਕਾਂ ਦਾ ਸਮਾਂ ਵੀ ਬਚੇਗਾ।
ਲੁਧਿਆਣਾ 'ਚ ਪਹਿਲੀ ਵਾਰ ਇਸ ਤਰ੍ਹਾਂ ਦੀ ਬਿਹਤਰ ਸ਼ੁਰੂਆਤ ਥਾਣਾ ਸ਼ਿਮਲਾਪੁਰੀ ਦੇ ਅੰਦਰ ਹਾਲ ਬਣਾ ਕੇ ਕੀਤੀ ਗਈ, ਜਿਸ ਦਾ ਉਦਘਾਟਨ ਪੁਲਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਕ੍ਰਾਈਮ ਸਬੰਧਿਤ ਮੀਟਿੰਗ ਵੀ ਕੀਤੀ, ਜਿਸ 'ਚ ਏ. ਡੀ. ਸੀ. ਪੀ. ਜਸਕਰਨ ਸਿੰਘ ਤੇਜਾ, ਏ. ਸੀ. ਪੀ. ਸੰਦੀਪ ਵਡੇਰਾ ਸਮੇਤ ਜ਼ੋਨ ਦੇ ਤਹਿਤ ਆਉਂਦੇ ਸਾਰੇ ਥਾਣਿਆਂ ਅਤੇ ਚੌਂਕੀਆਂ ਦੇ ਮੁਖੀਆਂ ਨੇ ਹਿੱਸਾ ਲਿਆ। ਪੁਲਸ ਕਮਿਸ਼ਨਰ ਨੇ ਸਾਰੇ ਥਾਣਿਆਂ ਦੀ ਹੱਦ 'ਚ ਹੋਣ ਵਾਲੇ ਅਪਰਾਧਾਂ ਸਬੰਧੀ ਜਾਣਕਾਰੀ ਮੰਗੀ ਅਤੇ ਹੱਲ ਕੀਤੇ ਗਏ ਕੇਸਾਂ ਦਾ ਬਿਓਰਾ ਮੰਗਦੇ ਹੋਏ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਅਧਿਕਾਰੀਆਂ ਨੂੰ ਦਿੱਤੇ।