ਵਜ਼ੀਰ ਹੁੰਦੇ ‘ਰਾਜੋਆਣਾ’ ਨੂੰ ਅੰਮ੍ਰਿਤ ਛਕਾਉਣ ’ਚ ਮੇਰੀ ਅਹਿਮ ਭੂਮਿਕਾ ਸੀ : ਗਾਬੜੀਆ

12/05/2019 11:39:08 AM

ਲੁਧਿਆਣਾ (ਮੁੱਲਾਂਪੁਰੀ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਜੇਲ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਲੰਬੇ ਸਮੇਂ ਦੀ ਚੁੱਪੀ ਨੂੰ ਤੋੜ ਦਿੱਤਾ। ਉਨ੍ਹਾਂ ਬੋਲਦੇ ਹੋਏ ਇਹ ਇੰਕਸ਼ਾਫ ਕੀਤਾ ਕਿ ਜਦੋਂ ਉਹ ਪੰਜਾਬ ’ਚ ਬਾਦਲ ਸਰਕਾਰ ਮੌਕੇ ਜੇਲ ਮੰਤਰੀ ਸਨ ਤਾਂ ਸਵ. ਬੇਅੰਤ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਜੇਲ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਫਾਂਸੀ ’ਤੇ ਚੜ੍ਹਨ ਤੋਂ ਪਹਿਲਾਂ ਅੰਮ੍ਰਿਤ ਛਕਣ ਦੀ ਇੱਛਾ ਜ਼ਾਹਰ ਕੀਤੀ ਸੀ। ਉਸ ਸਮੇਂ ਮੇਰੇ ਦਿਲ ’ਚ ਆਇਆ ਕਿ ਜੇਕਰ ਸੱਚਮੁਚ ਫਾਂਸੀ ਲਗ ਗਈ ਤਾਂ ਉਸ ਦੀ ਅੰਮ੍ਰਿਤ ਛਕਣ ਦੀ ਇੱਛਾ ਅਧੂਰੀ ਰਹਿ ਜਾਵੇਗੀ।

ਉਸ ਵੇਲੇ ਜੇਲ ਦੇ ਉੱਚ ਅਧਿਕਾਰੀ ਨੂੰ ਪਟਿਆਲਾ ਜੇਲ ’ਚ ਤਾਇਨਾਤ ਕਰ ਕੇ ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਉਸ ਨੇ ਅਪੀਲ ਕੀਤੀ ਕਿ ਪੰਜ ਪਿਆਰੇ ਕੇਂਦਰੀ ਜੇਲ, ਪਟਿਆਲਾ ’ਚ ਭਾਈ ਰਾਜੋਆਣਾ ਨੂੰ ਅੰਮ੍ਰਿਤ ਛਕਾਉਣ ਲਈ ਭੇਜੇ ਜਾਣ। ਜਿਸ ’ਤੇ ਅਮਲ ਕਰਦਿਆਂ ਜਥੇਦਾਰ ਖੁਦ, ਭਾਈ ਹਰਨਾਮ ਸਿੰਘ ਖਾਲਸਾ ਅਤੇ ਪੰਜ ਪਿਆਰੇ ਜੇਲ ਡਿਓਢੀ ਵਿਚ ਆਏ ਅਤੇ ਉਨ੍ਹਾਂ ਗੁਰ ਮਰਿਆਦਾ ਮੁਤਾਬਕ ਭਾਈ ਰਾਜੋਆਣਾ ਨੂੰ ਅੰਮ੍ਰਿਤ ਛਕਾਇਆ। ਉਨ੍ਹਾਂ ਕਿਹਾ ਕਿ ਉਸ ਵੇਲੇ ਉਹ ਖੁਦ ਪਟਿਆਲੇ ਦੇ ਸਰਕਟ ਹਾਊਸ ’ਚ ਪਲ-ਪਲ ਦੀ ਰਿਪੋਰਟ ਲੈ ਰਹੇ ਸਨ।

ਜਦੋਂ ਅੰਮ੍ਰਿਤ ਪਾਨ ਹੋ ਗਿਆ ਤਾਂ ਦੂਜੀ ਸਵੇਰ ਮੈਂ ਆਪਣਾ ਅਸਤੀਫਾ ਪ੍ਰਕਾਸ਼ ਸਿੰਘ ਬਾਦਲ ਤਤਕਾਲੀਨ ਮੁੱਖ ਮੰਤਰੀ ਕੋਲ ਪੇਸ਼ ਕੀਤਾ ਸੀ, ਕਿਉਂਕਿ ਮੀਡੀਆ ’ਚ ਖਬਰਾਂ ਆਉਣ ਤੋਂ ਇਲਾਵਾ ਵਿਰੋਧੀ ਧਿਰ ਬਾਦਲ ਨੂੰ ਇਸ ਮੁੱਦੇ ’ਤੇ ਘੇਰੇਗੀ ਪਰ ਬਾਦਲ ਨੇ ਕਿਹਾ ਕਿ ਇਕ ਦਿਨ ਰੁਕੋ ਦੇਖਦੇ ਹਾਂ। ਬਸ ਦੂਜੇ ਦਿਨ ਗੱਲ ਠੰਡੀ ਪੈ ਗਈ ਸੀ ਤੇ ਮੇਰੇ ਕਾਲਜੇ ਨੂੰ ਠੰਡ ਪੈ ਗਈ ਕਿ ਮੈਂ ਵੱਡਾ ਕਾਰਜ ਕਰਨ ’ਚ ਸਫਲ ਹੋਇਆ ਹਾਂ। ਉਨ੍ਹਾਂ ਇਹ ਇੰਕਸ਼ਾਫ ਅੱਜ ਅਕਾਲੀ ਦਲ ਦੀ ਮੀਟਿੰਗ ’ਚ ਕੀਤਾ ਅਤੇ ਦੋ ਮਤੇ ਪਾਸ ਕਰਵਾਏ ਭਾਈ ਰਾਜੋਆਣਾ ਦੀ ਫਾਂਸੀ ’ਤੇ ਕੇਂਦਰ ਸਰਕਾਰ ਮੁੜ ਆਪਣੇ ਫੈਸਲੇ ’ਤੇ ਕਾਇਮ ਹੋਵੇ ਅਤੇ ਗੁਰਦਾਸਪੁਰ ਲਾਗੇ ਬਟਾਲਾ ’ਚ ਮਾਰੇ ਗਏ ਅਕਾਲੀ ਆਗੂ ਦੇ ਕਤਲ ਦੀ ਜੋ ਉਂਗਲ ਰੰਧਾਵਾ ’ਤੇ ਉੱਠ ਰਹੀ ਹੈ, ਉਸ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਈ ਜਾਵੇ। ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਹਰਭਜਨ ਸਿੰਘ ਡੰਗ ਆਦਿ ਮੌਜੂਦ ਸਨ।


rajwinder kaur

Content Editor

Related News