ਭਗਵਾਨ ਵਾਲਮੀਕਿ ਜੀ ਦੀ ਛਵੀ ਖਰਾਬ ਕਰਨ ਦੀ ਕੋਈ ਚਾਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਗੁਰਮੇਲ ਭੱਟੀ
Sunday, Aug 13, 2017 - 12:05 PM (IST)
ਬੱਧਨੀ ਕਲਾਂ - ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਪੰਜਾਬ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਭੱਟੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀ ਛਵੀ ਨੂੰ ਖਰਾਬ ਢੰਗ ਨਾਲ ਪੇਸ਼ ਕਰਨ ਵਾਲੇ ਇਕ ਨਿੱਜੀ ਚੈਨਲ ਖਿਲਾਫ ਸਰਕਾਰ ਨੇ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਤਾਂ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਆਦਿਵਾਸੀ ਸੜਕਾਂ 'ਤੇ ਆ ਜਾਣਗੇ। ਉਨ੍ਹਾਂ ਕਿਹਾ ਕਿ ਵਾਲਮੀਕਿ ਤੀਰਥ ਦੀ ਸਿਰਮੌਰ ਜਥੇਬੰਦੀ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਕੌਮੀ ਚੇਅਰਮੈਨ ਨਛੱਤਰ ਨਾਥ ਸ਼ੇਰਗਿੱਲ, ਪੰਜਾਬ ਪ੍ਰਧਾਨ ਅਤੇ ਦੋਆਬਾ ਜ਼ੋਨ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ, ਮਾਲਵਾ ਜ਼ੋਨ ਦੇ ਇੰਚਾਰਜ ਬਿੰਦਰ ਸਿੰਘ ਭੀਮ ਦੀ ਅਗਵਾਈ 'ਚ ਹਜ਼ਾਰਾਂ ਲੋਕਾਂ ਦਾ ਇਕ ਇਕੱਠ ਬੀਤੇ ਕੱਲ ਦਾਣਾ ਮੰਡੀ ਭੁਲੱਥ ਵਿਖੇ ਵੀ ਹੋਇਆ ਸੀ, ਜਿੱਥੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਗਈ ਸੀ ਕਿ ਉਕਤ ਚੈਨਲ ਵੱਲੋਂ ਪ੍ਰਸਾਰਨ ਕੀਤੇ ਗਏ ਇਕ ਧਾਰਮਿਕ ਸੀਰੀਅਲ 'ਚ ਭਗਵਾਨ ਵਾਲਮੀਕਿ ਜੀ ਦੀ ਛਵੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ।
ਗੁਰਮੇਲ ਸਿੰਘ ਭੱਟੀ ਨੇ ਕਿਹਾ ਕਿ ਪ੍ਰਸ਼ਾਸਨ ਨੇ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਆਗੂਆਂ ਨੂੰ ਭਾਵੇਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਪਰ ਜੇਕਰ ਠੋਸ ਕਾਰਵਾਈ ਨਾ ਹੋਈ ਤਾਂ ਆਦਿਵਾਸੀ ਸਮਾਜ ਚੁੱਪ ਕਰ ਕੇ ਨਹੀਂ ਬੇਠੇਗਾ।
