ਪਟਿਆਲਾ ਪੁਲਸ ਵੱਲੋਂ ਲੁੱਟ-ਖੋਹ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼, ਮਾਰੂ ਹਥਿਆਰਾਂ ਸਣੇ 6 ਗ੍ਰਿਫ਼ਤਾਰ
Tuesday, Oct 19, 2021 - 09:28 AM (IST)
ਪਟਿਆਲਾ (ਬਲਜਿੰਦਰ, ਅਵਤਾਰ, ਜੈਨ) : ਪਟਿਆਲਾ ਪੁਲਸ ਨੇ ਰਾਤ ਸਮੇਂ ਸੜਕਾਂ ’ਤੇ ਆਉਣ-ਜਾਣ ਵਾਲੇ ਰਾਹਗੀਰਾਂ ਨਾਲ ਲੁੱਟਾਂ-ਖੋਹਾਂ ਕਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਸ ਗਿਰੋਹ ਦੇ 6 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਕੇ ਭਾਦਸੋਂ ਵਿਖੇ ਬੀਤੇ ਦਿਨੀਂ ਹੋਏ ਇਕ ਅੰਨ੍ਹੇ ਕਤਲ ਅਤੇ ਲੁੱਟ ਦੀ ਗੁੱਥੀ ਵੀ ਸੁਲਝਾ ਲਈ ਹੈ। ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਵਾਰਦਾਤ ’ਚ ਸ਼ਾਮਲ 6 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਕੇ ਖੋਹਿਆ ਗਿਆ ਬੁਲੇਟ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਨੂੰ ਸਮਾਣਾ-ਪਟਿਆਲਾ ਰੋਡ ਬਾਈਪਾਸ ਪੁੱਲ (ਪਸਿਆਣਾ) ਨੇੜਿਓਂ 17 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ 6 ਅਕਤੂਬਰ ਨੂੰ ਪਿੰਡ ਸੁਧੇਵਾਲ ਨੇੜੇ ਚੋਆ ਪੁੱਲ (ਨੇੜੇ ਭਾਦਸੋਂ) ਵਿਖੇ ਇਕ ਅੰਨ੍ਹੇ ਕਤਲ ਤੇ ਲੁੱਟ ਦੀ ਵਾਰਦਾਤ ਵਾਪਰੀ ਸੀ। ਇਸ ’ਚ ਸੁਖਚੈਨ ਦਾਸ ਉਰਫ਼ ਚੈਨੀ ਪੁੱਤਰ ਜਗਦੀਪ ਦਾਸ ਵਾਸੀ ਪਿੰਡ ਹੱਲੋਤਾਲੀ, ਜੋ ਕਿ ਪਿੰਡ ਚੈਹਿਲ ਨੇੜੇ ਟੋਲ-ਪਲਾਜ਼ਾ ਇਕ ਫੈਕਟਰੀ ’ਚ ਲੱਗਾ ਹੋਇਆ ਸੀ, ਦਾ ਕਤਲ ਕਰ ਕੇ ਉਸ ਦਾ ਮੋਟਰਸਾਈਕਲ ਖੋਹਿਆ ਗਿਆ ਸੀ।
ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਮਹਿੰਗਾ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਵਜ਼ੀਦਪੁਰ ਥਾਣਾ ਨਾਭਾ, ਕਮਲਪ੍ਰੀਤ ਸਿੰਘ ਕਮਲ ਪੁੱਤਰ ਸਤਨਾਮ ਸਿੰਘ, ਅੰਗਰੇਜ਼ ਸਿੰਘ ਗੇਜੀ ਪੁੱਤਰ ਚੰਨਾ ਸਿੰਘ ਵਾਸੀਅਨ ਰਾਜਗੜ੍ਹ ਥਾਣਾ ਨਾਭਾ, ਰਵਿੰਦਰ ਸਿੰਘ ਹੈਰੀ ਪੁੱਤਰ ਬਖਸ਼ੀਸ਼ ਸਿੰਘ, ਮਨਪ੍ਰੀਤ ਬਾਵਾ ਪੁੱਤਰ ਬਲਵੰਤ ਸਿੰਘ ਵਾਸੀਅਨ ਪਿੰਡ ਅਲੋਹਰਾ ਕਲਾਂ ਅਤੇ ਜਗਸੀਰ ਸਿੰਘ ਜੱਗੀ ਪੁੱਤਰ ਜੀਤ ਸਿੰਘ ਵਾਸੀ ਪਿੰਡ ਬੌੜਾਂ ਕਲਾਂ ਵੱਜੋਂ ਹੋਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪਏ ਮੀਂਹ ਨੇ ਵਧਾਈ ਠੰਡ, 11 ਸਾਲਾਂ 'ਚ ਪਹਿਲੀ ਵਾਰ 24 ਡਿਗਰੀ 'ਤੇ ਪੁੱਜਾ ਪਾਰਾ
ਇਨ੍ਹਾਂ ਕੋਲੋਂ 32 ਬੋਰ ਦਾ ਇਕ ਪਿਸਤੌਲ 5 ਰੌਂਦ, 315 ਬੋਰ ਦਾ ਇਕ ਪਿਸਤੌਲ ਅਤੇ 1 ਰੌਂਦ, ਵਾਰਦਾਤ ’ਚ ਵਰਤਿਆ ਬੁਲੇਟ ਮੋਟਰਸਾਈਕਲ ਅਤੇ ਮ੍ਰਿਤਕ ਤੋਂ ਖੋਹੇ ਬੁਲੇਟ ਮੋਟਰਸਾਈਕਲ ਸਮੇਤ 1 ਸਵਿੱਫਟ ਡਿਜ਼ਾਇਰ ਕਾਰ, 2 ਰਾਡਾਂ, 2 ਚਾਕੂ ਵੀ ਬਰਾਮਦ ਕੀਤੇ ਗਏ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਪਿੰਡ ਸੁਧੇਵਾਲ ਨੇੜਲੀ ਵਾਰਦਾਤ ’ਚ ਇਸ ਗਿਰੋਹ ਦੇ 3 ਮੈਂਬਰ ਮਹਿੰਗਾ ਸਿੰਘ, ਕਮਲਪ੍ਰੀਤ ਸਿੰਘ ਕਮਲ ਤੇ ਰਵਿੰਦਰ ਸਿੰਘ ਹੈਰੀ ਸ਼ਾਮਲ ਸਨ। ਗ੍ਰਿਫ਼ਤਾਰ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਉਨ੍ਹਾਂ ਦਾ 5 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ