2 ਉਮੀਦਵਾਰ ਜਿਨ੍ਹਾਂ ਲਈ ਪਰਿਵਾਰ ਦੇ ਸਿਆਸੀ ਬੋਹੜ ਵੀ ਨਹੀਂ ਕਰ ਰਹੇ ਪ੍ਰਚਾਰ
Tuesday, Apr 16, 2019 - 06:57 PM (IST)
![2 ਉਮੀਦਵਾਰ ਜਿਨ੍ਹਾਂ ਲਈ ਪਰਿਵਾਰ ਦੇ ਸਿਆਸੀ ਬੋਹੜ ਵੀ ਨਹੀਂ ਕਰ ਰਹੇ ਪ੍ਰਚਾਰ](https://static.jagbani.com/multimedia/2019_4image_18_54_171967682parminderdnharbanskaur..jpg)
ਜਲੰਧਰ (ਵੈੱਬ ਡੈਸਕ) : ਚੋਣਾਂ ਦੇ ਮੈਦਾਨ ਵਿਚ ਜਦੋਂ ਕੋਈ ਵੀ ਨੇਤਾ ਨਿੱਤਰਦਾ ਹੈ ਤਾਂ ਪਾਰਟੀ ਦੇ ਸਟਾਰ ਅਤੇ ਵੱਡੇ ਲੀਡਰ ਆਪਣੇ ਉਮੀਦਵਾਰ ਦਾ ਪ੍ਰਚਾਰ ਕਰਨ ਲਈ ਪੱਬਾਂ ਭਾਰ ਹੋ ਜਾਂਦੇ ਹਨ। ਹਲਕਾ ਵੱਡਾ ਹੋਣ ਕਾਰਨ ਕਈ ਉਮੀਦਵਾਰਾਂ ਦੇ ਪਰਿਵਾਰਕ ਮੈਂਬਰ ਆਪ ਚੋਣ ਮੈਦਾਨ 'ਚ ਨਿੱਤਰ ਜਾਂਦੇ ਹਨ ਪਰ ਜੇਕਰ ਉਮੀਦਵਾਰ ਦੇ ਪਰਿਵਾਰਿਕ ਮੈਂਬਰ ਆਪ ਹੀ ਸਟਾਰ ਪ੍ਰਚਾਰਕ ਹੋਣ ਯਾਨੀ ਕਿ ਉਨ੍ਹਾਂ ਦਾ ਖੁਦ ਦਾ ਰੁਤਬਾ ਵੱਡਾ ਹੋਵੇ ਅਤੇ ਫਿਰ ਵੀ ਉਹ ਪ੍ਰਚਾਰ ਨਾ ਕਰਨ ਤਾਂ ਤੁਸੀਂ ਕੀ ਕਹੋਗੇ।
ਜੀ ਹਾਂ, ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਕੁੱਝ ਅਜਿਹਾ ਹੀ ਹੋਣ ਜਾ ਰਿਹਾ ਹੈ। ਪੰਜਾਬ ਸ਼ਾਇਦ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਸ ਵਿਚ ਉਮੀਦਵਾਰ ਦੇ ਪਰਿਵਾਰ ਦੇ ਮੁੱਖੀ ਵੱਡਾ ਨਾਂ ਹੋਣ ਦੇ ਬਾਵਜੂਦ ਵੀ ਚੋਣ ਪ੍ਰਚਾਰ ਨਹੀਂ ਕਰਨਗੇ। ਦੋਵੇਂ ਉਮੀਦਵਾਰ ਰਿਵਾਇਤੀ ਪਾਰਟੀਆਂ ਤੋਂ ਹਨ ਅਤੇ ਦੋਵਾਂ ਦੇ ਮੁਖੀ ਆਪੋ-ਆਪਣੀ ਪਾਰਟੀ ਤੋਂ ਰਾਜ ਸਭਾ ਮੈਂਬਰ ਹਨ।
ਸੰਗਰੂਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਵਲੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਇਸ ਹਲਕੇ ਤੋਂ ਚੋਣ ਜਿੱਤ ਕੇ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ 'ਚ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਹਨ। ਪਾਰਟੀ ਨਾਲ ਨਰਾਜ਼ਗੀ ਤੋਂ ਬਾਅਦ ਸੁਖਦੇਵ ਢੀਂਡਸਾ ਨੇ ਸਿਆਸਤ ਤੋਂ ਦੂਰੀ ਬਣਾ ਲਈ। ਚੋਣ ਲੜਨ ਤੋਂ ਵੀ ਇਨਕਾਰ ਕਰ ਦਿੱਤਾ। ਉਨ੍ਹਾਂ ਆਪਣੇ ਬੇਟੇ ਨੂੰ ਲੋਕ ਸਭਾ ਚੋਣ ਲੜਨ ਤੋਂ ਰੋਕਿਆ ਪਰ ਬੇਟੇ ਨੇ ਪਾਰਟੀ ਦਾ ਹੁਕਮ ਮੰਨਦਿਆਂ ਚੋਣ ਮੈਦਾਨ 'ਚ ਪੈਰ ਧਰ ਲਾ। ਨਤੀਜਾ ਇਹ ਹੋਇਆ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਰਾਜ ਸਭਾ ਮੈਂਬਰ ਨੇ ਪੁੱਤ ਲਈ ਪ੍ਰਚਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਨਾਰਾਜ਼ਗੀ ਸਿਰਫ ਅਕਾਲੀ ਦਲ 'ਚ ਨਹੀਂ ਹੈ ਸਗੋਂ ਕਾਂਗਰਸ ਦੇ ਵੀ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਕਾਂਗਰਸ 'ਚ ਦਲਿਤ ਨੇਤਾਵਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਮੰਗਲਵਾਰ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਈ। ਪਾਰਟੀ ਨੇ ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਤੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ। ਹੁਣ ਪਤਨੀ ਆਮ ਆਦਮੀ ਪਾਰਟੀ 'ਚ ਤੇ ਪਤੀ ਕਾਂਗਰਸ ਦੇ ਰਾਜ ਸਭਾ ਮੈਂਬਰ। ਹਰਬੰਸ ਕੌਰ ਦਾ ਕਹਿਣਾ ਹੈ ਕਿ ਕਿਉਂਕਿ ਉਨ੍ਹਾਂ ਦੇ ਪਤੀ ਕਿਸੇ ਹੋਰ ਪਾਰਟੀ 'ਚ ਹਨ, ਇਸ ਲਈ ਉਹ ਝਾੜੂ ਦਾ ਪ੍ਰਚਾਰ ਨਹੀਂ ਕਰਣਗੇਂ। ਇਸ ਤੋਂ ਇਲਾਵਾ ਜਲੰਧਰ ਤੋਂ ਮਹਿੰਦਰ ਸਿੰਘ ਕੇ.ਪੀ. ਨੂੰ ਟਿਕਟ ਨਾ ਦਿੱਤੇ ਜਾਣ 'ਤੇ ਵੀ ਦੂਲੋ ਦੇ ਬਿਆਨ ਸਾਹਮਣੇ ਆਏ ਸਨ। ਲੋਕ ਸਭਾ ਚੋਣਾਂ ਦੇ ਗੇੜ 'ਚ ਪੰਜਾਬ ਦਾ ਨੰਬਰ ਸਭ ਤੋਂ ਅਖੀਰ 'ਚ ਹੈ। ਅਜੇ ਤਾਂ ਸ਼ੁਰੂਆਤ ਹੈ ਸਮਾਂ ਬਿਤਣ ਦਿਓ ਕਈ ਹੋਰ ਦਿਲਚਸਪ ਕਿੱਸੇ ਵੇਖਣ ਨੂੰ ਮਿਲਣਗੇ।