ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ ''ਚ ਮੁਹੰਮਦ ਸਦੀਕ ਦੀ ਦਾਅਵੇਦਾਰੀ ਪ੍ਰਭਾਵੀ
Friday, Mar 15, 2019 - 01:57 PM (IST)
ਕੋਟਕਪੂਰਾ - ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸ 'ਚ ਇਸ ਵਾਰ ਮੁਹੰਮਦ ਸਦੀਕ ਦੀ ਦਾਅਵੇਦਾਰੀ ਪਾਰਟੀ ਅੰਦਰ ਪ੍ਰਭਾਵੀ ਮੰਨੀ ਜਾ ਰਹੀ ਹੈ। ਦੱਸ ਦੇਈਏ ਕਿ ਕਾਂਗਰਸ ਸਰਕਾਰ ਸਾਬਕਾ ਵਿਧਾਇਕ ਮੁਹੰਮਦ ਸਦੀਕ 'ਤੇ ਆਪਣਾ ਸਿਆਸੀ ਦਾਅ ਖੇਡ ਸਕਦੀ ਹੈ ਅਤੇ ਅਗਲੇ ਦੋ ਦਿਨਾਂ 'ਚ ਕਾਂਗਰਸ ਹਾਈਕਮਾਂਡ ਵਲੋਂ ਦਿੱਲੀ 'ਚ ਬੈਠਕ ਕੀਤੀ ਜਾ ਰਹੀ ਹੈ, ਜਿਸ 'ਚ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਛੋਹ ਮਿਲ ਸਕਦੀ ਹੈ। ਪੰਜਾਬ 'ਚ ਚੋਣਾਂ ਸੱਤਵੇਂ ਗੇੜ ਭਾਵ 19 ਮਈ ਨੂੰ ਹੋਣ ਜਾ ਰਹੀਆਂ ਹਨ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨ ਦਿੱਤੇ ਜਾਣਗੇ। ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 22 ਅਪਰੈਲ ਤੋਂ ਸ਼ੁਰੂ ਹੋ ਰਹੀ ਹੈ। ਜਾਣਕਾਰੀ ਮੁਤਾਬਕ ਫ਼ਰੀਦਕੋਟ ਸੀਟ ਤੋਂ ਟਿਕਟ ਪ੍ਰਾਪਤੀ ਲਈ 24 ਵਿਅਕਤੀਆਂ ਨੇ ਅਰਜ਼ੀਆਂ ਦਿੱਤੀਆਂ ਹਨ। ਸਦੀਕ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਭਦੌੜ ਹਲਕੇ ਦੀ ਵਿਧਾਨ ਸਭਾ 'ਚ ਨੁਮਾਇੰਦਗੀ ਕਰ ਚੁੱਕੇ ਹਨ।
ਉਧਰ ਅਕਾਲੀ-ਭਾਜਪਾ ਗੱਠਜੋੜ ਵਲੋਂ ਇਸਤਰੀ ਅਕਾਲੀ ਦਲ ਦੀ ਬੀਬੀ ਪਰਮਜੀਤ ਕੌਰ ਗੁਲਸ਼ਨ ਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਦੇ ਨਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਵਾਰ ਇਹ ਚੋਣਾਂ ਸਿਆਸੀ ਧਿਰਾਂ ਲਈ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ। 'ਆਪ' ਨੇ ਪ੍ਰੋਫ਼ੈਸਰ ਸਾਧੂ ਸਿੰਘ ਤੇ ਡੈਮੋਕ੍ਰੈਟਿਕ ਅਲਾਇੰਸ ਨੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 16ਵੀਂ ਲੋਕ ਸਭਾ ਚੋਣਾਂ 'ਚ ਫ਼ਰੀਦਕੋਟ ਤੋਂ 'ਆਪ' ਦੇ ਪ੍ਰੋ. ਸਾਧੂ ਸਿੰਘ ਨੇ ਆਪਣੇ ਵਿਰੋਧੀ ਅਕਾਲੀ-ਭਾਜਪਾ ਉਮੀਦਵਾਰ ਬੀਬੀ ਪਰਮਜੀਤ ਕੌਰ ਗੁਲਸ਼ਨ ਤੋਂ 1,72,516 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ।