ਮਾਸੂਮ ਧੀ ਦੇ ਹੱਕ ਲਈ ਪਿਤਾ ਨੇ ਲਾਇਆ ਧਰਨਾ, ਸ਼ੁਰੂ ਕੀਤੀ ਭੁੱਖ-ਹੜਤਾਲ

03/08/2019 4:01:02 PM

ਫਰੀਦਕੋਟ : ਇੱਥੇ ਇਕ ਪਿਤਾ ਨੇ ਆਪਣੀ ਮਾਸੂਮ ਧੀ ਨਾਲ ਹੁੰਦੀ ਜ਼ਿਆਦਤੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਸ ਨੇ ਆਪਣੀ ਬੱਚੀ ਨੂੰ ਨਾਲ ਲੈ ਕੇ ਨਿਜੀ ਕਾਨਵੈਂਟ ਸਕੂਲ ਦੇ ਪ੍ਰਬੰਧਕਾਂ ਖਿਲਾਫ ਧਰਨਾ ਹੀ ਨਹੀਂ, ਸਗੋਂ ਭੁੱਖ-ਹੜਤਾਲ ਵੀ ਸ਼ੁਰੂ ਕਰ  ਦਿੱਤੀ ਹੈ। ਪਿਤਾ ਦਾ ਦੋਸ਼ ਹੈ ਕਿ ਫਰੀਦਕੋਟ ਦੇ ਇਕ ਨਾਮੀ ਨਿਜੀ ਕਾਨਵੈਂਟ ਸਕੂਲ ਪ੍ਰਬੰਧਕਾਂ ਵਲੋਂ ਉਸ ਦੀ ਬੇਟੀ ਦਾ ਨਤੀਜਾ ਘੋਸ਼ਿਤ ਨਹੀਂ ਕੀਤਾ ਜਾ ਰਿਹਾ, ਜਿਸ  ਕਾਰਨ ਬੱਚੀ ਮਾਨਸਿਕ ਤਣਾਅ 'ਚ ਹੈ।
ਜਾਣਕਾਰੀ ਮੁਤਾਬਕ ਫਰੀਦਕੋਟ ਵਾਸੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ 6 ਸਾਲਾ ਬੇਟੀ ਫਰੀਦਕੋਟ ਦੇ ਇਕ ਨਿਜੀ ਕਾਨਵੈਂਟ ਸਕੂਲ 'ਚ ਯੂ. ਕੇ. ਜੀ. ਜਮਾਤ 'ਚ  ਪੜ੍ਹਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੇਟੀ ਦੀਆਂ ਸਾਰੀਆਂ ਫੀਸਾਂ ਸਕੂਲ 'ਚ ਭਰੀਆਂ ਹੋਈਆਂ ਹਨ ਪਰ ਫਿਰ ਵੀ ਸਕੂਲ ਪ੍ਰਬੰਧਕਾਂ ਵਲੋਂ ਬੀਤੀ ਫਰਵਰੀ ਤੋਂ ਉਸ ਦੀ ਬੇਟੀ ਦਾ ਨਤੀਜਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਉਨ੍ਹਾਂ ਨੇ ਡਿਪਟੀ ਕਮਿਸ਼ਨਰ, ਜ਼ਿਲਾ ਬਾਲ ਸੁਰੱਖਿਆ ਅਫਸਰ ਸਮੇਤ ਵੱਖ-ਵੱਖ ਅਦਾਰਿਆਂ ਨੂੰ ਭੇਜੀ ਸੀ ਪਰ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਉਸ ਦੀ ਮਾਸੂਮ ਬੱਚੀ ਮਾਨਨਿਕ ਤੌਰ 'ਤੇ ਕਾਫੀ ਪਰੇਸ਼ਾਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ 'ਚ ਉਨ੍ਹਾਂ ਨੇ ਅੱਜ ਜ਼ਿਲਾ ਬਾਲ ਸੁਰੱਖਿਆ ਅਫਸਰ ਦੇ ਦਫਤਰ ਦੇ ਬਾਹਰ ਧਰਨਾ ਲਾ ਕੇ ਭੁੱਖ-ਹੜਤਾਲ ਸ਼ੁਰੂ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਬੱਚਿਆਂ ਨੂੰ ਬਿਨਾ ਕਾਰਨ ਪਰੇਸ਼ਾਨ ਕਰਨ ਵਾਲੇ ਸਕੂਲ ਖਿਲਾਫ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਜਦੋਂ ਇਸ ਬਾਰੇ ਬਾਲ ਸੁਰੱਖਿਆ ਕਮੇਟੀ ਫਰੀਦਕੋਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਨੇ ਕਾਨਵੈਂਟ ਸਕੂਲ ਦੇ ਖਿਲਾਫ ਜੋ ਦਰਖਾਸਤ ਦਿੱਤੀ ਸੀ, ਉਸ 'ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਸਕੂਲ ਨੂੰ ਲਿਖਿਆ ਸੀ ਅਤੇ ਸਕੂਲ ਨੇ ਨਤੀਜੇ ਰੋਕਣ ਤੋਂ ਇਨਕਾਰ ਕਰਦਿਆਂ ਬੱਚੀ ਦੇ ਨਤੀਜੇ ਦੀ ਕਾਪੀ ਉਨ੍ਹਾਂ ਨੂੰ ਭੇਜੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਕਿਸੇ ਵੀ ਬੱਚੇ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। 


Babita

Content Editor

Related News