ਪੰਜਾਬ ਦੀਆਂ ਘਾਟੇ ਵਾਲੀਆਂ ਮਿੱਲਾਂ 'ਚ ਬਣੇਗੀ ਸ਼ਰਾਬ, ਬਿਜਲੀ ਦਾ ਵੀ ਹੋਵੇਗਾ ਪ੍ਰਾਡਕਸ਼ਨ
Tuesday, Oct 23, 2018 - 08:10 AM (IST)
ਚੰਡੀਗਡ਼੍ਹ,(ਭੁੱਲਰ)— ਪੰਜਾਬ ਸਰਕਾਰ ਵਲੋਂ ਘਾਟੇ ਵਿਚ ਜਾ ਰਹੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਪੰਜਾਬ ਦੇ ਵੱਖ-ਵੱਖ ਸਥਾਨਾਂ ’ਤੇ ਗੰਨੇ ਦੀ ਉਪਲੱਬਧਤਾ ਅਨੁਸਾਰ ਚੀਨੀ ਤੋਂ ਇਲਾਵਾ ਈਥਾਨੌਲ, ਬਿਜਲੀ, ਸ਼ਰਾਬ ਆਦਿ ਦਾ ਉਤਪਾਦਨ ਕਰਨ ਦੇ ਕੰਪਲੈਕਸਾਂ ਵਿਚ ਤਬਦੀਲ ਕੀਤਾ ਜਾਵੇਗਾ। ਇਹ ਫੈਸਲਾ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਗੰਨੇ ਅਤੇ ਚੀਨੀ ਦੇ ਖੇਤਰ ਵਿਚ ਉਤਪਾਦਨ ਵਧਾਉਣ ਲਈ ਨਵੀਂ ਨੀਤੀ ਅਤੇ ਸੁਧਾਰ ਲਿਆਉਣ ਸਬੰਧੀ ਸਿਫਾਰਸ਼ਾਂ ਦੇਣ ਲਈ ਬਣਾਈ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਇਹ ਮੀਟਿੰਗ ਬੀਤੇ ਦਿਨ ਇਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਜਿਸ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ, ਸ਼ੂਗਰਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਦਵਿੰਦਰ ਸਿੰਘ ਅਤੇ ਗੰਨਾ ਕਮਿਸ਼ਨਰ ਜਸਵੰਤ ਸਿੰਘ ਵੀ ਹਾਜ਼ਰ ਸਨ।
ਇਸ ਸਬੰਧੀ ਸਹਿਕਾਰਤਾ ਮੰਤਰੀ ਰੰਧਾਵਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਲਈ ਉਚੇਚੇ ਤੌਰ ’ਤੇ ਬੁਲਾਏ ਗਏ ਨੈਸ਼ਨਲ ਫੈੱਡਰੇਸ਼ਨ ਆਫ ਕੋਆਪਰੇਟਿਵ ਸ਼ੂਗਰ ਫੈਕਟਰੀਜ਼, ਨਵੀਂ ਦਿੱਲੀ ਦੇ ਪ੍ਰਬੰਧਕੀ ਨਿਰਦੇਸ਼ਕ ਪ੍ਰਕਾਸ਼ ਨਾਇਕਨਵਾਰੇ ਦੇਸ਼ ਵਿਚ ਖੰਡ ਸਨਅਤ ਦੀ ਮੌਜੂਦਾ ਸਥਿਤੀ ਅਤੇ ਕੇਂਦਰ ਸਰਕਾਰ ਵਲੋਂ ਈਥਾਨੋਲ ਆਦਿ ਲਈ ਜਾਰੀ ਨੀਤੀ ਬਾਰੇ ਵਿਸਥਾਰ ਵਿਚ ਦੱਸਿਆ ਗਿਆ।
ਰੰਧਾਵਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਗੁਰਦਾਸਪੁਰ ਵਿਖੇ 5000 ਟੀ. ਸੀ. ਡੀ. ਦੀ ਸਮਰੱਥਾ ਵਾਲਾ ਅਤਿ-ਆਧੁਨਿਕ ਸ਼ੂਗਰ ਪਲਾਂਟ ਅਤੇ 100 ਕੇ. ਐੱਲ. ਪੀ. ਡੀ. ਦੀ ਸਮਰੱਥਾ ਵਾਲੀ ਡਿਸਟਿਲਰੀ ਦੀ ਸਥਾਪਨਾ ਕੀਤੀ ਜਾਵੇਗੀ, ਜਿਸ ਵਿਚ ਚੀਨੀ ਦੇ ਉਤਪਾਦਨ ਤੋਂ ਇਲਾਵਾ ਈਥਾਨੋਲ ਅਤੇ ਬਿਜਲੀ ਦਾ ਉਤਪਾਦਨ ਵੀ ਕੀਤਾ ਜਾਵੇਗਾ। ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਦੇ ਕਿਸਾਨਾਂ ਨੂੰ ਗੰਨੇ ਦੀਆਂ ਵੱਧ ਝਾਡ਼ ਦੇਣ ਵਾਲੀਆਂ ਕਿਸਮਾਂ ਜਿਨ੍ਹਾਂ ਵਿਚ ਖੰਡ ਦੀ ਮਾਤਰਾ ਵਧੇਰੇ ਹੋਵੇ, ਉਪਲੱਬਧ ਕਰਵਾਉਣ ਲਈ ਖੇਤੀਬਾਡ਼ੀ ਵਿਭਾਗ, ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ, ਗੰਨਾ ਕਮਿਸ਼ਨਰ ਅਤੇ ਸ਼ੂਗਰਫੈਡ ਨੂੰ ਕੇਂਦਰੀ ਖੋਜ ਸੰਸਥਾਵਾਂ ਨਾਲ ਮਿਲ ਕੇ ਸਾਂਝੇ ਉਪਰਾਲੇ ਕਰਨ ਲਈ ਯੋਜਨਾ ਤਿਆਰ ਕਰਨ ਲਈ ਵੀ ਫੈਸਲਾ ਲਿਆ ਗਿਆ।