ਪੰਜਾਬ ਦੇ ਕਈ ਜ਼ਿਲਿਆਂ ’ਚ ਹਲਕੀ ਬੂੰਦਾ-ਬਾਂਦੀ, ਹਰਿਆਣਾ ’ਚ ਮੀਂਹ ਦੇ ਨਾਲ ਗੜੇਮਾਰੀ

Thursday, May 28, 2026 - 11:02 PM (IST)

ਪੰਜਾਬ ਦੇ ਕਈ ਜ਼ਿਲਿਆਂ ’ਚ ਹਲਕੀ ਬੂੰਦਾ-ਬਾਂਦੀ, ਹਰਿਆਣਾ ’ਚ ਮੀਂਹ ਦੇ ਨਾਲ ਗੜੇਮਾਰੀ

ਜਲੰਧਰ (ਪੁਨੀਤ) - ਕਹਿਰ ਵਰ੍ਹਾਅ ਰਹੀ ਗਰਮੀ ਦੇ ਵਿਚਾਲੇ ਪੰਜਾਬ ਵਿਚ ਹਨੇਰੀ-ਤੂਫ਼ਾਨ ਦੇ ਨਾਲ 29 ਮਈ (ਸ਼ੁੱਕਰਵਾਰ) ਤੋਂ ਮੀਂਹ ਦਸਤਕ ਦੇ ਸਕਦਾ ਹੈ, ਜਿਸ ਨਾਲ ਜਨਤਾ ਨੂੰ ਗਰਮੀ ਤੋਂ ਰਾਹਤ ਮਿਲੇਗੀ। 

ਪ੍ਰੀ-ਮਾਨਸੂਨ ਦੇ ਮੀਂਹ ਤੋਂ ਪਹਿਲਾਂ ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲਿਆਂ ਵਿਚ ਕੁਝ ਮਿੰਟਾਂ ਲਈ ਹਲਕੀ ਬੂੰਦਾ-ਬਾਂਦੀ ਦੇਖਣ ਨੂੰ ਮਿਲੀ ਅਤੇ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿਚ 2 ਡਿਗਰੀ ਤੱਕ ਦੀ ਗਿਰਾਵਟ ਆਈ। ਸਵੇਰੇ ਅਚਾਨਕ ਕਾਲੀ ਘਟਾ ਛਾ ਗਈ ਪਰ ਬੱਦਲ ਬਿਨਾਂ ਵਰ੍ਹੇ ਹੀ ਲੰਘ ਗਏ। ਅੱਜ ਵੱਧ ਤੋਂ ਵੱਧ ਤਾਪਮਾਨ ਫਰੀਦਕੋਟ ਵਿਚ 45.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਉੱਥੇ ਹੀ, ਅੰਮ੍ਰਿਤਸਰ ਵਿਚ 41.4 ਡਿਗਰੀ ਅਤੇ ਬਠਿੰਡਾ ਵਿਚ 42.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਗਾਊਂ ਅਨੁਮਾਨ ਮੁਤਾਬਕ 29 ਮਈ ਨੂੰ ਰੈੱਡ ਅਲਰਟ, ਜਦਕਿ 30 ਮਈ ਨੂੰ ਕਈ ਜ਼ਿਲਿਆਂ ਵਿਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਓਧਰ, ਹਰਿਆਣਾ ’ਚ ਦੁਪਹਿਰ ਨੂੰ ਮੌਸਮ ’ਚ ਆਏ ਬਦਲਾਅ ਨਾਲ ਕਈ ਹਿੱਸਿਆਂ ’ਚ ਮੀਂਹ ਅਤੇ ਗੜੇਮਾਰੀ ਨਾਲ ਰਾਹਤ ਮਿਲੀ। ਹਾਲਾਂਕਿ, ਤੂਫ਼ਾਨ ਨਾਲ ਕਈ ਥਾਵਾਂ ’ਤੇ ਦਰੱਖਤ, ਮੋਬਾਈਲ ਟਾਵਰ, ਬਿਜਲੀ ਦੇ ਹਾਈਟੈਂਸ਼ਨ ਖੰਭੇ ਟੁੱਟ ਗਏ। ਤੂਫ਼ਾਨ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਕਈ ਮਕਾਨਾਂ ਦੀਆਂ ਛੱਤਾਂ ਉੱਡ ਗਈਆਂ। ਸੋਲਰ ਪੈਨਲਾਂ ਦੇ ਸ਼ੀਸ਼ੇ ਟੁੱਟ ਗਏ। ਕਈ ਥਾਵਾਂ ’ਤੇ ਬਿਜਲੀ ਦੀਆਂ ਤਾਰਾਂ ਟੁੱਟਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਵੀ ਤੇਜ਼ ਹਵਾ, ਮੀਂਹ ਤੇ ਗੜੇਮਾਰੀ ਨੂੰ ਲੈ ਕੇ ਰੈੱਡ ਅਲਰਟ ਐਲਾਨ ਕੀਤਾ ਹੈ।
 


author

Inder Prajapati

Content Editor

Related News