ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸਦਮਾ, ਪਿਤਾ ਦਾ ਦਿਹਾਂਤ
Tuesday, Jun 05, 2018 - 03:11 PM (IST)
ਨਕੋਦਰ (ਪਾਲੀ)— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ, ਸਾਬਕਾ ਵਿਧਾਇਕ ਅਤੇ ਮੈਂਬਰ ਐੱਸ. ਜੀ. ਪੀ. ਸੀ. ਜਥੇਦਾਰ ਕੁਲਦੀਪ ਸਿੰਘ ਵਡਾਲਾ ਮੰਗਲਵਾਰ ਅਕਾਲ ਚਲਾਣਾ ਕਰ ਗਏ। ਉਹ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੇ ਪਿਤਾ ਸਨ। ਰਾਜਨੀਤੀ ਦੇ ਬਾਬਾ ਬੋਹੜ ਜਥੇਦਾਰ ਕੁਲਦੀਪ ਸਿੰਘ ਵਡਾਲਾ (86) ਦੀ ਮੌਤ ਨਾਲ ਪੰਥਕ ਹਲਕਿਆਂ ਅਤੇ ਪਰਿਵਾਰ ਨੂੰ ਇਕ ਵੱਡਾ ਘਾਟਾ ਪਿਆ ਹੈ।
ਕਿਸੇ ਸਮੇਂ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਸਾਥੀ ਰਹੇ ਜਥੇਦਾਰ ਵਡਾਲਾ ਨੇ 1997 'ਚ ਆਪਣੀ ਨਵੀਂ ਪਾਰਟੀ ਅਕਾਲੀ ਦਲ ਡੈਮੋਕਰੇਟਿਕ ਬਣਾਈ ਅਤੇ ਕਾਫੀ ਸਮਾਂ ਬਾਦਲ ਨਾਲ ਤੋੜ-ਵਿਛੋੜਾ ਕਰੀ ਰੱਖਿਆ। ਅਖੀਰ 2006 'ਚ ਉਹ ਆਪਣੀ ਪਾਰਟੀ ਭੰਗ ਕਰਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। ਜਥੇਦਾਰ ਵਡਾਲਾ ਆਪਰੇਸ਼ਨ ਬਲਿਊ ਸਟਾਰ ਸਮੇਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਤੋਂ ਇਲਾਵਾ ਨਕੋਦਰ ਤੋਂ ਵਿਧਾਇਕ ਅਤੇ ਲੰਬਾ ਸਮਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ। ਉਨ੍ਹਾਂ 1993 'ਚ ਜਲੰਧਰ ਪਾਰਲੀਮਾਨੀ ਹਲਕੇ ਅਤੇ 1994 'ਚ ਨਕੋਦਰ ਹਲਕੇ ਤੋਂ ਅਕਾਲੀ ਉਮੀਦਵਾਰ ਵਜੋਂ ਜ਼ਿਮਨੀ ਚੋਣ ਲੜੀ ਪਰ ਉਹ ਹਾਰ ਗਏ ਸਨ। ਜਥੇਦਾਰ ਵਡਾਲਾ ਆਪਣੇ ਪਿੱਛੇ 4 ਪੁੱਤਰ ਅਤੇ 3 ਧੀਆਂ ਛੱਡ ਗਏ ਹਨ। ਜਥੇਦਾਰ ਵਡਾਲਾ ਦੇ ਪੁੱਤਰ ਜਗਦੀਪ ਸਿੰਘ ਵਡਾਲਾ ਨੇ ਦੱਸਿਆ ਕਿ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਅੰਤਿਮ ਸੰਸਕਾਰ ਪਿੰਡ ਵਡਾਲਾ ਵਿਖੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ਉਪਰੰਤ ਹੋਵੇਗਾ।
