ਪੰਜਾਬ ਤੇ ਚੰਡੀਗੜ੍ਹ ਪੁਲਸ ਨੂੰ ਲੋੜੀਂਦੇ ਲਾਰੈਂਸ਼ ਬਿਸ਼ਨੋਈ ਗੈਂਗ ਦੇ 4 ਸਾਥੀ ਅਸਲੇ ਸਣੇ ਗ੍ਰਿਫ਼ਤਾਰ

Thursday, Jan 21, 2021 - 09:44 AM (IST)

ਕੁਰਾਲੀ (ਬਠਲਾ) : ਇੱਥੇ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਪੰਜਾਬ, ਹਰਿਆਣਾ, ਰਾਜਸਥਾਨ ਸੂਬਿਆਂ ਅਤੇ ਚੰਡੀਗੜ੍ਹ 'ਚ ਕਤਲਾਂ ਅਤੇ ਡਕੈਤੀਆਂ ਲਈ ਜ਼ਿੰਮੇਵਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਜੇਲ੍ਹ 'ਚ ਬੰਦ ਸ਼ਾਰਪ ਸ਼ੂਟਰ ਸੰਪਤ ਨਹਿਰਾ ਤੇ ਦੀਪਕ ਉਰਫ਼ ਟੀਨੂੰ ਦੇ ਨੇੜਲੇ ਚਾਰ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮੋਹਾਲੀ ਨੇ ਦੱਸਿਆ ਕਿ 18 ਅਤੇ 19 ਜਨਵਰੀ, 2021 ਦੀ ਰਾਤ ਨੂੰ ਐੱਸ. ਐੱਚ. ਓ. ਸਿਟੀ ਕੁਰਾਲੀ ਨੂੰ ਭਰੋਸੇਯੋਗ ਇਤਲਾਹ ਮਿਲੀ ਕਿ ਸੰਪਤ ਨਹਿਰਾ ਅਤੇ ਦੀਪਕ ਟੀਨੂੰ ਦੇ ਨਜ਼ਦੀਕੀ ਸਾਥੀ ਕੁਰਾਲੀ 'ਚ ਸਰਗਰਮ ਹਨ ਅਤੇ ਕਿਸੇ ਵੱਡੀ ਵਾਰਦਾਤ ਦੀ ਤਿਆਰੀ 'ਚ ਹਨ, ਜਿਸ ’ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਅਸਲਾ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਟਿੱਕਰੀ ਬਾਰਡਰ 'ਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਗ੍ਰਿਫ਼ਤਾਰ ਦੋਸ਼ੀਆਂ ਦਰਸ਼ਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਅਮਲਾਲਾ ਥਾਣਾ ਡੇਰਾਬੱਸੀ (ਮੋਹਾਲੀ) ਕੋਲੋਂ 7.65 ਐੱਮ. ਐੱਮ. ਪਿਸਤੌਲ ਸਮੇਤ 6 ਜ਼ਿੰਦਾ ਕਾਰਤੂਸ, ਮਨੀਸ਼ ਕੁਮਾਰ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਬੀਬੀਪੁਰ ਥਾਣਾ ਜੁਲਕਾਂ (ਪਟਿਆਲਾ) ਕੋਲੋਂ 12 ਬੋਰ ਸਿੰਗਲ ਬੈਰਲ ਦੇਸੀ ਬੰਦੂਕ ਸਮੇਤ ਦੋ ਜ਼ਿੰਦਾ ਕਾਰਤੂਸ, ਸੂਰਜ ਪੁੱਤਰ ਰਾਜੂ ਵਾਸੀ ਕੁਰਾਲੀ (ਮੋਹਾਲੀ) ਕੋਲੋਂ ਪਿਸਤੌਲ 7.65 ਐੱਮ. ਐੱਮ. ਸਮੇਤ 5 ਜ਼ਿੰਦਾ ਕਾਰਤੂਸ ਅਤੇ ਭਗਤ ਸਿੰਘ ਉਰਫ਼ ਹਨੀ ਪੁੱਤਰ ਸਵਰਣ ਸਿੰਘ ਵਾਸੀ ਕੁਰਾਲੀ ਕੋਲੋਂ ਪਿਸਤੌਲ 315 ਬੋਰ ਸਮੇਤ 4 ਜ਼ਿੰਦਾ ਕਾਰਤੂਸ ਹਥਿਆਰ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ : ਸਿਪਰਿਟ ਸੁੱਟ ਕੇ ਪਤੀ ਨੂੰ ਸਾੜਨ ਵਾਲੀ ਪਤਨੀ ਗ੍ਰਿਫ਼ਤ 'ਚੋਂ ਬਾਹਰ, ਪੀੜਤ ਨੇ ਸੁਣਾਈ ਲੂ-ਕੰਡੇ ਖੜ੍ਹੇ ਕਰਦੀ ਆਪ-ਬੀਤੀ

ਐਸ. ਐਸ. ਪੀ. ਨੇ ਇਹ ਵੀ ਜਾਣਕਾਰੀ ਦਿੱਤੀ ਕਿ ਗ੍ਰਿਫ਼ਤਾਰ ਦੋਸ਼ੀਆਂ ਦਾ ਅਪਰਾਧਿਕ ਪਿਛੋਕੜ ਹੈ ਤੇ ਦੋਸ਼ੀ ਦਰਸ਼ਨ ਸਿੰਘ ਵਾਸੀ ਅਮਲਾਲਾ, ਥਾਣਾ ਸਿਵਲ ਲਾਈਨ ਭਿਵਾਨੀ ਦੇ ਸਾਲ-2017 ਦੇ ਕਤਲ ਮੁਕੱਦਮੇ 'ਚ ਭਗੌੜਾ ਸੀ ਅਤੇ ਮਨੀਸ਼ ਕੁਮਾਰ ਖ਼ਿਲਾਫ਼ ਥਾਣਾ ਜੁਲਕਾਂ ਜ਼ਿਲ੍ਹਾ ਪਟਿਆਲਾ ਵਿਖੇ ਕਤਲ ਦਾ ਮੁਕੱਦਮਾ ਦਰਜ ਹੈ। ਇਨ੍ਹਾਂ ਗ੍ਰਿਫ਼ਤਾਰ ਸਾਰੇ ਦੋਸ਼ੀਆਂ ਤੋਂ ਪੁੱਛਗਿੱਛ ਅਤੇ ਮੁੱਢਲੀ ਤਫਤੀਸ਼ ਤੋਂ ਸਾਹਮਣੇ ਆਇਆ ਹੈ ਕਿ ਇਹ ਸਾਰੇ ਭਗੌੜੇ ਸਾਥੀ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੁੱਪ ਦੇ ਜੇਲ੍ਹ 'ਚ ਬੰਦ ਸ਼ਾਰਪ ਸ਼ੂਟਰ ਸੰਪਤ ਨਹਿਰਾ ਤੇ ਦੀਪਕ ਟੀਨੂੰ ਦੇ ਨੇੜਲੇ ਸਾਥੀ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਤੀਜੇ ਦਿਨ ਵੀ 'ਵੈਕਸੀਨੇਸ਼ਨ' ਦਾ ਟੀਚਾ ਅਧੂਰਾ, ਖ਼ਰਾਬ ਹੋ ਰਹੀਆਂ 'ਡੋਜ਼'

ਦੋਸ਼ੀ ਦਰਸ਼ਨ ਸਿੰਘ ਨੇ ਸਾਲ-2017 'ਚ ਗੈਂਗਸਟਰ ਦੀਪਕ ਟੀਨੂੰ ਨੂੰ ਉਸ ਸਮੇਂ ਹੁਬਲੀ ਕਰਨਾਟਕਾ ਵਿਖੇ ਪਨਾਹ ਦਿੱਤੀ ਹੋਈ ਸੀ, ਜਦੋਂ ਉਸ ਦੀ ਤਲਾਸ਼ ਕਈ ਸੂਬਿਆਂ ਦੀ ਪੁਲਸ ਕਰ ਰਹੀ ਸੀ। ਜਿੱਥੇ ਦੀਪਕ ਟੀਨੂੰ ਨੂੰ ਹਰਿਆਣਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਦਰਸ਼ਨ ਸਿੰਘ ਜਿਹੜਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਭਗੌੜਾ ਚੱਲਿਆ ਆ ਰਿਹਾ ਸੀ, ਜਿਸ ਨੇ ਆਪਣੇ ਸੰਪਰਕ ਕੁਰਾਲੀ ਦੇ ਸੂਰਜ ਅਤੇ ਹਨੀ ਨਾਲ ਬਣਾ ਲਏ ਸਨ ਅਤੇ ਇਨ੍ਹਾਂ ਨਾਲ ਰਲ ਕੇ ਫਿਰ ਅਪਰਾਧਿਕ ਕਾਰਵਾਈਆਂ ਕਰਨ ਲੱਗ ਪਿਆ ਸੀ। ਇਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਮਲੇਰਕੋਟਲਾ ਵਿਖੇ ਆਪਣੇ ਵਿਰੋਧੀ ਧੜੇ ’ਤੇ ਸ਼ਰੇਆਮ ਫਾਇਰਿੰਗ ਕੀਤੀ ਸੀ ਤੇ ਫਰਾਰ ਹੋ ਗਏ ਸੀ।

ਇਹ ਵੀ ਪੜ੍ਹੋ : ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰ ਕੀਤੀ ਜਾਵੇਗੀ ਈ-ਈ. ਪੀ. ਆਈ. ਸੀ. ਦੀ ਸ਼ੁਰੂਆਤ

ਹੁਣ ਇਹ ਇਕੱਠੇ ਹੋ ਕੇ ਆਪਣਾ ਨਵਾਂ ਗਿਰੋਹ ਬਣਾ ਕੇ ਅਪਰਾਧਿਕ ਕਾਰਵਾਈਆਂ ਸ਼ੁਰੂ ਕਰਨ ਲਈ ਵਿਉਂਤਬੰਦੀ ਕਰ ਰਹੇ ਸਨ ਅਤੇ ਇਹ ਗਰੁੱਪ ਆਪਣੇ ਗਿਰੋਹ ਲਈ ਹਥਿਆਰਾਂ ਦਾ ਪ੍ਰਬੰਧ ਕਰ ਕੇ ਡਕੈਤੀਆਂ ਦੀ ਯੋਜਨਾ ਬਣਾਉਣ 'ਚ ਲੱਗਾ ਹੋਇਆ ਸੀ। ਇਸ ਗਰੁੱਪ 'ਚ ਸ਼ਾਮਲ ਹੋਰ ਅਪਰਾਧੀਆਂ ਬਾਰੇ ਗ੍ਰਿਫ਼ਤਾਰ ਦੋਸ਼ੀਆਂ ਪਾਸੋਂ ਸੁਰਾਗ ਲਗਾਇਆ ਜਾ ਰਿਹਾ ਹੈ। ਇਸ ਕੇਸ 'ਚ ਜਲਦੀ ਹੀ ਹੋਰ ਅਪਰਾਧੀਆਂ ਦੀ ਗ੍ਰਿਫ਼ਤਾਰੀ ਹੋਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News