ਕਾਨੂੰਨ ਹੱਥਾਂ ਜਾਂ ਕਿਤਾਬਾਂ ਵਿਚ ਹੈ! ਅਮਲ 'ਚ ਕਿਉਂ ਨਹੀਂ ?

06/18/2019 8:32:13 PM

ਜਲੰਧਰ (ਜਸਬੀਰ ਵਾਟਾਂ ਵਾਲੀ) ਭਾਰਤ 'ਚ ਆਏ ਦਿਨ ਕਨੂੰਨ ਦਾ ਮਜ਼ਾਕ ਬਣਨਾ ਕੋਈ ਨਵੀਂ ਗੱਲ ਨਹੀਂ। ਆਮ ਲੋਕਾਂ ਤੋਂ ਲੈ ਕੇ ਖਾਸ ਅਤੇ ਅਪਰਾਧੀ ਬਿਰਤੀ ਵਾਲੇ ਲੋਕ ਤਾਂ ਕਨੂੰਨ ਤੋੜਦੇ ਹੀ ਰਹਿੰਦੇ ਹਨ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਕਨੂੰਨ ਦੇ ਰਖਵਾਲੇ ਹੀ ਕਨੂੰਨ ਦੀਆਂ ਧੱਜੀਆਂ ਉਡਾ ਦਿੰਦੇ ਹਨ। ਦੇਸ਼ 'ਚ ਇਸ ਤਰ੍ਹਾਂ ਦੀਆਂ ਇਕ ਨਹੀਂ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ। ਇਨ੍ਹਾਂ ਘਟਨਾਵਾਂ ਦੀ ਇਕ ਮਿਸਾਲ ਦਿੱਲੀ ਵਿਚ ਹਾਲ ਹੀ 'ਚ ਵਾਪਰੀ ਘਟਨਾ ਵੀ ਹੈ, ਜਿਸ 'ਚ ਦਿੱਲੀ ਪੁਲਸ ਵੱਲੋਂ ਸਿੱਖ ਡਰਾਈਵਰ ਅਤੇ ਉਸ ਦੇ ਪੁੱਤਰ ਦੀ ਖੁੱਲ੍ਹੇਆਮ ਸੜਕ 'ਤੇ ਕੁੱਟਮਾਰ ਕੀਤੀ ਗਈ। ਇਸ ਘਟਨਾ ਵਿਚ ਹੁਣ ਤੱਕ ਸਾਹਮਣੇ ਆਏ ਤੱਥਾਂ ਨੂੰ ਧਿਆਨ ਨਾਲ ਘੋਖੀਏ ਤਾਂ ਜਿੱਥੇ ਦਿੱਲੀ ਪੁਲਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ ਹੈ, ਉੱਥੇ ਹੀ ਸਿੱਖ ਡਰਾਈਵਰ ਵੱਲੋਂ ਆਨ ਡਿਊਟੀ ਪੁਲਸ ਅਫਸਰ 'ਤੇ ਕਿਰਪਾਨ (ਸ੍ਰੀ ਸਾਹਬ) ਨਾਲ ਕੀਤਾ ਹਮਲਾ ਵੀ ਸਵਾਲਾਂ ਦੇ ਘੇਰੇ 'ਚ ਹੈ। ਸੱਚਾਈ ਇਹ ਹੈ ਕਿ ਇਸ ਮਾਮਲੇ 'ਚ ਦੋਵੇਂ ਧਿਰਾਂ ਵੱਲੋਂ ਕਾਨੂੰਨ ਹੱਥ 'ਚ ਲਿਆ ਗਿਆ ਹੈ। ਦੇਸ਼ ਦੇ ਕਾਨੂੰਨ ਮੁਤਾਬਕ ਪੁਲਸ ਦੀ ਡਿਊਟੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਹੈ ਨਾ ਕਿ ਸਜ਼ਾ ਦੇਣ ਦੀ। ਰਿਮਾਂਡ ਹਾਸਲ ਕੀਤੇ ਬਗੈਰ ਬਿਨਾ ਵਜ੍ਹਾ ਪੁਲਸ ਜੇਕਰ ਕਿਸੇ ਦੇ ਡੰਡਾ ਵੀ ਮਾਰਦੀ ਹੈ ਤਾਂ ਉਸ ਦੀ ਜੁਆਬਦੇਹੀ ਬਣਦੀ ਹੈ। ਪੁਲਸ ਨੂੰ ਦਿੱਤੇ ਗਏ ਹਥਿਆਰਾਂ ਦਾ ਵੀ ਉਹ ਸਵੈ. ਰੱਖਿਆ ਲਈ ਹੀ ਇਸਤੇਮਾਲ ਕਰ ਸਕਦੀ ਹੈ, ਬਿਨਾਂ ਵਜ੍ਹਾ ਕਿਸੇ ਦੀ ਜਾਨ ਲੈਣ ਲਈ ਨਹੀਂ। ਇਸੇ ਤਰ੍ਹਾਂ ਪੁਲਸ ਨਾਲ ਹੋਈ ਮਾਮੂਲੀ ਤਕਰਾਰ ਅਤੇ ਗਾਲੀ ਗਲੋਚ ਤੋਂ ਬਾਅਦ ਸਿੱਖ ਵੱਲੋਂ ਕਿਰਪਾਨ (ਸ੍ਰੀ ਸਾਹਬ) ਕੱਢ ਲੈਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। 

ਮੁਕਤਸਰ ਵਿਚ ਔਰਤ ਦੀ ਕੁੱਟਮਾਰ 
ਇਸੇ ਤਰ੍ਹਾਂ ਕਾਨੂੰਨ ਹੱਥ ਵਿਚ ਲੈਣ ਦੀ ਘਟਨਾ ਕੁਝ ਦਿਨ ਪਹਿਲਾਂ ਮੁਕਤਸਰ ਜ਼ਿਲੇ ਵਿਚ ਵੀ ਵਾਪਰੀ ਸੀ। ਇਥੇ ਕੌਂਸਲਰ ਦੇ ਭਰਾ ਅਤੇ ਸਾਥੀਆਂ ਨੇ ਔਰਤ ਨੂੰ ਐਨੀ ਬੇਦਰਦੀ ਨਾਲ ਕੁੱਟਿਆ, ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਬੇਹੱਦ ਭਖ ਗਿਆ। ਮਾਮਲੇ ਨੂੰ ਭਖਦਾ ਦੇਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਜ਼ਮਾਂ ਖਿਲਾਫ ਕਾਰਵਾਈ ਦੇ ਖਾਸ ਨਿਰਦੇਸ਼ ਦੇਣੇ ਪਏ ਸਨ। ਇਸ ਮਾਮਲੇ 'ਚ ਔਰਤ ਗੁਨਾਹ ਦਾ ਸਿਰਫ ਇਹੀ ਸੀ ਕਿ ਉਸ ਨੇ ਮੁਲਜ਼ਮ ਤੋਂ ਲਏ ਉਧਾਰ ਪੈਸੇ ਨਹੀਂ ਮੋੜੇ ਸਨ।  
 
PunjabKesari

ਜਸਪਾਲ ਮਾਮਲੇ ਵਿਚ ਵੀ ਕਾਨੂੰਨ ਦਾ ਬਣਿਆ ਮਜ਼ਾਕ
ਪਿਛਲੇ ਸਮੇਂ ਦੌਰਾਨ ਫਰੀਦਕੋਟ 'ਚ ਪੁਲਸ ਹਿਰਾਸਤ ਦੌਰਾਨ ਹੋਈ ਜਸਪਾਲ ਦੀ ਮੌਤ ਨੇ ਪੰਜਾਬ ਪੁਲਸ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਕੇ ਖੜ੍ਹਾ ਕੀਤਾ ਸੀ। ਇਸ ਮਾਮਲੇ 'ਚ ਪੁਲਸ ਵੱਲੋਂ ਜਸਪਾਲ ਦੀ ਲਾਸ਼ ਨੂੰ ਖੁਰਦ-ਬੁਰਦ ਕੀਤੇ ਜਾਣਾ ਮੰਦਭਾਗੀ ਘਟਨਾ ਸੀ। ਪੁਲਸ ਰਿਪੋਰਟ ਮੁਤਾਬਕ ਜਸਪਾਲ ਨੇ ਪੁਲਸ ਹਿਰਾਸਤ ਦੌਰਾਨ ਖੁਦਕੁਸ਼ੀ ਕੀਤੀ ਸੀ। ਪੁਲਸ ਰਿਪੋਰਟ ਨੂੰ ਸੱਚ ਵੀ ਮੰਨ ਲਈਏ ਤਾਂ ਦੁਨੀਆ ਦਾ ਕੋਈ ਵੀ ਕਾਨੂੰਨ ਇਹ ਆਗਿਆ ਨਹੀਂ ਦਿੰਦਾ ਕਿ ਹਿਰਾਸਤ 'ਚ ਹੋਈ ਮੁਲਜ਼ਮ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕੀਤਾ ਜਾਵੇ। ਇਸ ਮਾਮਲੇ 'ਚ ਪੰਜਾਬ ਪੁਲਸ ਦੀ ਸ਼ੱਕੀ ਅਤੇ ਗੰਧਲੀ ਕਾਰਗੁਜ਼ਾਰੀ ਸਾਹਮਣੇ ਆਈ ਸੀ। 

PunjabKesari

ਡਾਕਟਰਾਂ ਖਿਲਾਫ ਹਿੰਸਾ
ਪੱਛਮੀ ਬੰਗਾਲ ਦੇ ਐੱਨ. ਆਰ. ਐੱਸ. ਮੈਡੀਕਲ ਕਾਲਜ ਕੋਲਕਾਤਾ ਵਿੱਚ ਹੋਈ ਹਿੰਸਾ ਦੀ ਘਟਨਾ ਵੀ ਕਾਨੂੰਨ ਹੱਥ ਵਿਚ ਲਏ ਜਾਣ ਦੀ ਪ੍ਰਤੱਖ ਉਦਾਹਰਣ ਹੈ। ਇਸ ਦੌਰਾਨ ਡਾਕਟਰ ਪਰਵਾਹਾ ਮੁਖਰਜੀ 'ਤੇ ਘਾਤਕ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਦੇਸ਼ ਭਰ ਦੀਆਂ ਡਾਕਟਰੀ ਪੇਸ਼ੇ ਨਾਲ ਜੁੜੀਆਂ ਜਥੇਬੰਦੀਆਂ ਨੇ ਹੜਤਾਲ ਵੀ ਕੀਤੀ। ਇਸ ਤਰ੍ਹਾਂ ਦੀਆਂ ਇਕ ਅਨੇਕ ਘਟਨਾਵਾਂ ਭਾਰਤ 'ਚ ਵਾਪਰਦੀਆਂ ਹਨ, ਜਦੋ ਕਿਸੇ ਮਰੀਜ਼ ਦੀ ਮੌਤ ਹੋਣ 'ਤੇ ਉਸ ਮਰੀਜ਼ ਦੇ ਰਿਸ਼ਤੇਦਾਰਾਂ ਜਾਂ ਹੋਰ ਲੋਕਾਂ ਵੱਲੋਂ ਹਸਪਤਾਲ ਦੀ ਭੰਨਤੋੜ ਕੀਤੀ ਜਾਂਦੀ ਹੈ ਜਾਂ ਡਾਕਟਰਾਂ ਉਪਰ ਹਮਲੇ ਕੀਤੇ ਜਾਂਦੇ ਹਨ। ਇਸ 'ਚ ਕੋਈ ਸ਼ੱਕ ਨਹੀਂ ਕਿ ਡਾਕਟਰਾਂ ਦੀ ਜੁਆਬਦੇਹੀ ਵੀ ਯਕੀਨੀ ਹੋਣੀ ਚਾਹੀਦੀ ਹੈ ਪਰ ਇਸ ਤਰ੍ਹਾਂ ਕਾਨੂੰਨ ਨੂੰ ਹੱਥਾਂ 'ਚ ਲੈਣਾ ਕਿੰਨਾ ਕੁ ਜਾਇਜ਼ ਹੈ ?

ਆਏ ਦਿਨ ਹੁੰਦੀ ਹਿੰਸਾ, ਭੰਨ-ਤੋੜ ਅਤੇ ਸਾੜ-ਫੂਕ
ਪਿਛਲੇ ਸਮੇਂ ਦੌਰਾਨ ਵਾਪਰੀਆਂ ਦੇਸ਼ ਵਿਆਪੀ ਘਟਨਾਵਾਂ ਅਤੇ ਮੀਡੀਆ ਰਿਪੋਰਟਾਂ 'ਤੇ ਝਾਤੀ ਮਾਰੀਏ ਤਾਂ ਅਨੇਕਾਂ ਅਜਿਹੇ ਮਾਮਲੇ ਹਨ, ਜਦੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਆਪਣੇ ਹੱਕਾਂ ਖਾਤਰ ਲੜਨ ਲਈ ਸੰਵਿਧਾਨਿਕ ਦਾਇਰੇ 'ਚ ਰਹਿ ਕੇ ਧਰਨੇ-ਜਲੂਸਾਂ ਆਦਿ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਪਰ ਭੜਕਾਹਟ 'ਚ ਕੀਤੀ ਜਾ ਰਹੀ ਭੰਨਤੋੜ ਅਤੇ ਸਾੜ-ਫੂਕ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅਕਸਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੋਕ ਛੋਟੀਆਂ-ਛੋਟੀਆਂ ਮੰਗਾਂ ਅਤੇ ਵਿਰੋਧ ਨੂੰ ਲੈ ਸਰਕਾਰੀ ਮਸ਼ੀਨਰੀ ਦੀ ਭੰਨ-ਤੋੜ ਅਤੇ ਸਾੜ-ਫੂਕ ਸ਼ੁਰੂ ਕਰ ਦਿੰਦੇ ਹਨ। ਅੰਕੜਿਆਂ ਮੁਤਾਬਕ ਪਿਛਲੇ ਸਮੇਂ ਦੌਰਾਨ ਦੇਸ਼ 'ਚ ਭੀੜ ਵੱਲੋਂ ਕਾਨੂੰਨ ਹੱਥ 'ਚ ਲੈਣ ਦੇ ਮਾਮਲਿਆਂ 'ਚ ਵੱਡਾ ਵਾਧਾ ਹੋਇਆ ਹੈ। ਇਨ੍ਹਾਂ ਘਟਨਾਵਾਂ ਨੂੰ ਦੇਖਦੇ ਹੋਏ ਹੀ ਦੇਸ਼ ਦੀ ਸਰਵ ਉੱਚ ਅਦਾਲਤ ਨੇ ਇਹ ਟਿੱਪਣੀ ਕੀਤੀ ਸੀ ਕਿ ਦੇਸ਼ ਨੂੰ ਭੀੜ ਤੰਤਰ ਨਾ ਬਣਨ ਦਿੱਤਾ ਜਾਵੇ। ਇਸ ਟਿੱਪਣੀ ਵਿਚ ਇਹ ਵੀ ਦ੍ਰਿੜ ਕਰਵਾਇਆ ਗਿਆ ਸੀ ਕਿ ਦੇਸ਼ ਦੇ ਕਾਨੂੰਨ ਤੋਂ ਉਪਰ ਕੋਈ ਵੀ ਨਹੀਂ ਹੈ।  

  


jasbir singh

News Editor

Related News