ਲੁਧਿਆਣਾ ’ਚ 4 ਅਗਸਤ ਤੱਕ 9 ਆਮ ਆਦਮੀ ਕਲੀਨਿਕ ਹੋ ਜਾਣਗੇ ਤਿਆਰ : ਲਾਲ ਚੰਦ ਕਟਾਰੂਚੱਕ
Wednesday, Jul 27, 2022 - 11:34 AM (IST)

ਲੁਧਿਆਣਾ (ਵਿੱਕੀ) : ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ, ਖ਼ਪਤਕਾਰ ਮਾਮਲੇ ਅਤੇ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਕੋਲ ਮੁਫ਼ਤ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਲੁਧਿਆਣਾ 'ਚ 4 ਅਗਸਤ ਤੱਕ 9 ਆਮ ਆਦਮੀ ਕਲੀਨਿਕ ਤਿਆਰ ਹੋ ਜਾਣਗੇ। ਲੋਕ ਨਿਰਮਾਣ ਵਿਭਾਗ ਵੱਲੋਂ ਇਨ੍ਹਾਂ ਕਲੀਨਿਕਾਂ ਦੀਆਂ ਇਮਾਰਤਾਂ 4 ਅਗਸਤ ਨੂੰ ਸਿਵਲ ਵਰਕ ਪੂਰਾ ਹੋਣ ਉਪਰੰਤ ਸਿਹਤ ਵਿਭਾਗ ਨੂੰ ਸੌਂਪ ਦਿੱਤੀਆਂ ਜਾਣਗੀਆਂ। ਡਾਕਟਰਾਂ, ਫਾਰਮਾਸਿਸਟ ਅਤੇ ਦੋ ਸਹਾਇਕਾਂ ਦੀ ਨਿਯੁਕਤੀ ਵੀ ਆਖ਼ਰੀ ਪੜਾਅ ’ਤੇ ਚੱਲ ਰਹੀ ਹੈ ਅਤੇ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ’ਚ ਫਰਨੀਚਰ ਅਤੇ ਹੋਰ ਜ਼ਰੂਰੀ ਸਮਾਨ ਵੀ ਖ਼ਰੀਦਿਆ ਜਾਵੇਗਾ।
ਕਿੱਥੇ-ਕਿੱਥੇ ਬਣਨਗੇ ਕਲੀਨਿਕ
ਉਨ੍ਹਾਂ ਨੇ ਦੱਸਿਆ ਕਿ ਇਹ ਕਲੀਨਿਕ ਕਿਦਵਈ ਨਗਰ ਨਾਲ ਲਗਦੇ ਸੂਫੀ ਚੌਂਕ, ਨਗਰ ਨਿਗਮ ਦਫ਼ਤਰ ਮੈਟਰੋ ਰੋਡ, ਨਗਰ ਨਿਗਮ ਦਫ਼ਤਰ ਨੇੜੇ ਚਾਂਦ ਸਿਨੇਮਾ, ਬੀ. ਐੱਸ. ਯੂ. ਪੀ. ਫਲੈਟ ਤੋਂ ਢੰਡਾਰੀ ਕਲਾਂ, ਜੀ. ਕੇ. ਐਨਕਲੇਵ ਕੇਹਰ ਸਿੰਘ ਕਾਲੋਨੀ (ਖੰਨਾ), ਮਿਊਂਸੀਪਲ ਕਮੇਟੀ ਬੱਸ ਅੱਡਾ (ਰਾਏਕੋਟ) ਟਰਾਂਸਪੋਰਟ ਨਗਰ, ਪੀ. ਐੱਸ. ਪੀ. ਸੀ. ਐੱਲ., ਦਫ਼ਤਰ ਦੀ ਇਮਾਰਤ ਫੋਕਲ ਪੁਆਇੰਟ ਅਤੇ ਪੁਰਾਣਾ ਹਸਪਤਾਲ ਰਾਏਕੋਟ ਰੋਡ, ਜਗਰਾਓਂ 'ਚ ਤਿਆਰ ਕਰਵਾਏ ਜਾ ਰਹੇ ਹਨ। ਕੈਬਨਿਟ ਮੰਤਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਅਗਸਤ ਨੂੰ ਜ਼ਿਲ੍ਹੇ 'ਚ ਇਹ 9 ਆਮ ਆਦਮੀ ਕਲੀਨਿਕ ਲੋਕਾਂ ਹਵਾਲੇ ਕਰਨਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਰਸਮੀ ਕਾਰਵਾਈਆਂ ਸਮੇਂ ’ਤੇ ਪੂਰੀਆਂ ਕਰਨ ਲਈ ਵੀ ਕਿਹਾ।