ਵੱਧ-ਚੜ੍ਹ ਕੇ ਕਿਸਾਨੀ ਸੰਘਰਸ਼ ਦਾ ਪ੍ਰਚਾਰ ਕਰ ਰਹੇ ''ਕੁਲਵੀਰ ਸਿੰਘ'' ਪੁੱਜੇ ਮੋਹਾਲੀ
Wednesday, Apr 14, 2021 - 04:34 PM (IST)
ਮੋਹਾਲੀ (ਨਿਆਮੀਆਂ) : ਹਵਾਈ ਜਹਾਜ਼ 'ਚ ਕਦੇ ਬਾਲੀਵੁੱਡ ਅਦਾਕਾਰਾਂ ਦੇ ਘਰਾਂ ਅੱਗੇ ਜਾ ਕੇ, ਕਦੇ ਸ਼ਿਮਲਾ ਦੇ ਰਿੱਜ ਦੇ ਮੈਦਾਨ ਵਿਖੇ ਜਾ ਕੇ ਕਿਸਾਨੀ ਸੰਘਰਸ਼ ਨੂੰ ਲੈ ਕੇ ਪ੍ਰਚਾਰ ਕਰਨ ਵਾਲੇ ਕੁਲਵੀਰ ਸਿੰਘ ਮੁਸ਼ਕਾਬਾਦ ਹੁਣ ਮੋਟਰਸਾਈਕਲ 'ਤੇ ਆਪਣੇ ਪਰਿਵਾਰ ਸਮੇਤ ਭਾਰਤ ਦੇ ਭਰਮਣ 'ਤੇ ਨਿਕਲੇ ਹਨ। ਇਸ ਵੇਲੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਧੀ ਵੀ ਹੈ। ਕੁਲਵੀਰ ਸਿੰਘ ਨੇ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਆ ਕੇ ਬਾਬਾ ਹਨੂੰਮਾਨ ਸਿੰਘ ਜੀ ਦਾ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਕਾਇਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਕੁਲਬੀਰ ਸਿੰਘ ਮੁਸ਼ਕਾਬਾਦ ਨੇ ਦੱਸਿਆ ਕਿ ਉਹ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਸ਼ੁਰੂ ਤੋਂ ਚਿੰਤਤ ਹਨ, ਇਸ ਕਰਕੇ ਉਹ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਦਾ ਮੌਜੂਦਾ ਮੋਟਰਸਾਈਕਲ ਵਾਲਾ ਟੂਰ ਹੈ, ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਮਈ ਦੇ ਮਹੀਨੇ ਪਾਰਲੀਮੈਂਟ ਦਾ ਘਿਰਾਓ ਕਰਨ ਲਈ ਪੈਦਲ ਮਾਰਚ ਕਰਨਾ ਹੈ, ਉਸ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਹੈ। ਉਨ੍ਹਾਂ ਦੱਸਿਆ ਕਿ ਉਹ ਹਰੇਕ ਰਾਜ ਵਿੱਚ ਜਾ ਕੇ ਉਥੋਂ ਦੇ ਲੋਕਾਂ ਨੂੰ ਪ੍ਰੇਰਿਤ ਕਰਨਗੇ ਕਿ ਉਹ ਉੱਥੇ ਜ਼ਰੂਰ ਪਹੁੰਚਣ ਤਾਂ ਜੋ ਸਿੰਘੂ ਸਰਹੱਦ, ਟਿੱਕਰੀ ਸਰਹੱਦ ਅਤੇ ਗਾਜ਼ੀਪੁਰ ਸਰਹੱਦ ਤੋਂ ਇਕੱਠੇ ਹੋ ਕੇ ਦੇਸ਼ ਦੀ ਸੰਸਦ ਵੱਲ ਮਾਰਚ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਉਨ੍ਹਾਂ ਨੇ ਹਰ ਵਿਧੀ ਅਪਣਾਈ ਹੈ, ਜਿੱਥੇ ਉਹ ਹਵਾਈ ਜਹਾਜ਼ ਵਿੱਚ ਜਾ ਕੇ ਪ੍ਰਚਾਰ ਕਰਦੇ ਰਹੇ ਹਨ, ਉੱਥੇ ਉਨ੍ਹਾਂ ਨੇ ਪਾਣੀ ਦੀਆਂ ਖ਼ਤਰਨਾਕ ਲਹਿਰਾਂ 'ਤੇ ਚੱਲਣ ਵਾਲੀਆਂ ਕਿਸ਼ਤੀਆਂ ਨੂੰ ਵੀ ਇਸ ਪ੍ਰਚਾਰ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਬਾਰਿਆਂ ਰਾਹੀਂ ਵੀ ਕਿਸਾਨੀ ਦਾ ਪ੍ਰਚਾਰ ਕੀਤਾ ਹੈ ਤੇ ਇਸ ਲਈ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ ਵੱਧ-ਚੜ੍ਹ ਕੇ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਾਲੀਵੁੱਡ ਦੇ ਅਦਾਕਾਰਾਂ ਦੇ ਘਰਾਂ ਅੱਗੇ ਜਾ ਕੇ ਵੀ ਇਸ ਸਬੰਧੀ ਪ੍ਰਚਾਰ ਕੀਤਾ ਹੈ ਤੇ ਉਨ੍ਹਾਂ ਨੂੰ ਆਪਣੀ ਗੱਲ ਨਾਲ ਕਾਇਲ ਕੀਤਾ ਹੈ ਕਿ ਕਿਸਾਨ ਬਿਲਕੁਲ ਸਹੀ ਹਨ ਤੇ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ।
ਕੁਲਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਮੋਟਰਸਾਈਕਲ ਰਾਹੀਂ ਰੋਜ਼ਾਨਾ 300 ਕਿਲੋਮੀਟਰ ਦੀ ਯਾਤਰਾ ਤੈਅ ਕਰਨਗੇ ਤੇ ਪੱਛਮੀ ਬੰਗਾਲ ਵਿੱਚ ਹੋ ਰਹੀਆਂ ਚੋਣਾਂ ਦੌਰਾਨ ਉਹ ਕਲਕੱਤੇ ਪਹੁੰਚਣਾ ਚਾਹੁੰਦੇ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਡਾ. ਹਰਪ੍ਰੀਤ ਸਿੰਘ ਹਨੀ ਮੁਸ਼ਕਾਬਾਦ ਤੋਂ ਹੀ ਉਨ੍ਹਾਂ ਦੇ ਨਾਲ ਚੱਲ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਡਾਇਰੈਕਟਰ ਐੱਮ ਹੁੰਦਲ ਪਰਮਿੰਦਰ ਸਿੰਘ ਦੀਪ ਗਿੱਲ ਪਾਂਘਲੀਆ, ਮਾਣਕ ਸਿੰਘ ਰੌਣਕ ਸਿੰਘ ਰਾਨਿਆਲ, ਸਤਿੰਦਰਪਾਲ ਸਿੰਘ ਅਤੇ ਪ੍ਰਭ ਸਿਮਰਨ ਸਿੰਘ ਵੀ ਮੌਜੂਦ ਸਨ।