ਦਿਲਜੀਤ ਦੋਸਾਂਝ ਵੱਲੋਂ ਅਮਿਤਾਭ ਬਚਨ ਨੂੰ ਪੈਰੀਂ ਹੱਥ ਲਾਉਣ ਦੇ ਮਾਮਲੇ 'ਤੇ ਜਥੇਦਾਰ ਦਾ ਬਿਆਨ
Saturday, Nov 01, 2025 - 05:27 PM (IST)
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਸਮੂਹ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਅੱਜ ਤੱਕ 1984 ਵਿਚ ਕੀਤੇ ਗਏ ਕਤਲੇਆਮ ਦਾ ਇਨਸਾਫ਼ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਨਸਲਕੁਸ਼ੀ ਕਰਨ ਵਾਲੇ ਬਹੁਤੇ ਦੋਸ਼ੀ ਫੜੇ ਨਹੀਂ ਗਏ ਅਤੇ ਖ਼ਾਸਕਰ ਕਾਂਗਰਸ ਦੇ ਵੱਡੇ ਆਗੂ ਅੱਜ ਵੀ ਅਜ਼ਾਦ ਹਨ ਜਦਕਿ ਪੀੜਤ ਸਿੱਖ ਪਰਿਵਾਰ ਉਨ੍ਹਾਂ ਨੂੰ ਸਜ਼ਾਵਾਂ ਦੀ ਰਾਹ ਦੇਖ ਰਹੇ ਹਨ ਜੋ ਕਿ ਜਮਹੂਰੀ ਕਹੇ ਜਾਣ ਵਾਲੇ ਭਾਰਤ ਦੇ ਮੱਥੇ ਉੱਤੇ ਕਾਲਾ ਧੱਬਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਅੰਦਰ ਘੱਟ ਗਿਣਤੀਆਂ ਖ਼ਾਸਕਰ ਸਿੱਖਾਂ ਨੂੰ ਇਨਸਾਫ਼ ਦੇਣ ਦੀ ਗੱਲ ਆਉਂਦੀ ਹੈ ਤਾਂ ਸਰਕਾਰੀ ਤੰਤਰ ਦੇ ਮਾਪਦੰਡ ਬਦਲ ਕੇ ਵਿਤਕਰੇ ਵਾਲੇ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 11 ਕਰੋੜ ਰੁਪਏ ਦਾ ਦੀਵਾਲੀ ਬੰਪਰ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ
ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਸਿੱਖਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਜਦੋਂ ਸਿੱਖ ਨਸਲਕੁਸ਼ੀ ਦੀ ਗੱਲ ਆਉਂਦੀ ਹੈ ਤਾਂ ਬਹੁਤਾਂਤ ਧਿਰਾਂ ਇਕ ਪਾਸੇ ਸਾਡੇ ਵਿਰੁੱਧ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਜਾਂ ਕਾਂਗਰਸੀ ਆਗੂਆਂ ਉੱਤੇ ਦੋਸ਼ ਲੱਗੇ, ਸਰਕਾਰਾਂ ਤੇ ਏਜੰਸੀਆਂ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਸੰਜੀਦਗੀ ਤੇ ਇਮਾਨਦਾਰੀ ਨਾਲ ਜਾਂਚ ਕਰਨ ਦੀ ਸੀ ਜੋ ਕਿ ਨਹੀਂ ਹੋਈ ਪਰ ਸਿੱਖ ਚੇਤਨਾ ਅਜਿਹੇ ਸਾਰੇ ਲੋਕਾਂ ਨੂੰ ਅੰਦਰੋਂ ਦੋਸ਼ੀ ਮੰਨਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਜਿਹੜੇ ਵੀ ਲੋਕਾਂ ਤੇ ਕਾਂਗਰਸ ਦੇ ਆਗੂਆਂ ਦਾ ਸਿੱਖ ਨਸਲਕੁਸ਼ੀ ਵਿਚ ਨਾਮ ਆਇਆ ਹੈ ਸਿੱਖਾਂ ਤੇ ਸਿੱਖ ਅਦਾਕਾਰਾਂ ਨੂੰ ਉਨ੍ਹਾਂ ਨਾਲ ਮੇਲ ਮਿਲਾਪ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਨਹੀਂ ਤਾ ਇਹ ਸਿੱਖ ਕੌਮ ਦੇ ਅੱਲ੍ਹੇ ਜ਼ਖਮਾਂ ਉੱਤੇ ਲੂਣ ਛਿੜਕਣ ਵਾਲੀ ਗੱਲ ਹੈ।
ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਤੇਜਪਾਲ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸੋਸ਼ਲ ਮੀਡੀਆ 'ਤੇ ਪੈ ਗਈ ਪੋਸਟ
ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ਦੇ ਮਸਲੇ 'ਤੇ ਬੋਲੇ ਜਥੇਦਾਰ
ਬੀਤੇ ਦਿਨੀਂ ਦਿਲਜੀਤ ਦੋਸਾਂਝ ਵੱਲੋਂ ਫਿਲਮ ਅਦਾਕਾਰ ਅਤੇ ਕਾਂਗਰਸੀ ਆਗੂ ਰਹੇ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ਦੇ ਮਸਲੇ ਉੱਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਵੇਂ ਕਿ ਅਮਿਤਾਭ ਬੱਚਨ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ ਆਪਣੇ ਪੱਤਰ ਰਾਹੀਂ ਭੱਜਦਾ ਹੈ ਪਰ ਉਸ ਵਿਰੁੱਧ ਚਸ਼ਮਦੀਦ ਗਵਾਹ ਮਨਜੀਤ ਸਿੰਘ ਸੈਣੀ ਦੀ ਦਿੱਤੀ ਗਈ ਗਵਾਹੀ ਦੀ ਜਾਂਚ ਸਰਕਾਰ ਤੇ ਏਜੰਸੀਆਂ ਵੱਲੋਂ ਨਹੀਂ ਕੀਤੀ ਗਈ, ਇਸ ਲਈ ਸਿੱਖ ਚੇਤਨਾ ਅੰਦਰ ਅਜੇ ਤੱਕ ਉਹ ਸੁਰਖਰੂ ਨਹੀਂ। ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖਾਂ ਲਈ 1984 ਸਿੱਖ ਨਸਲਕੁਸ਼ੀ ਦਾ ਵਰਤਾਰਾ ਨਾ ਭੁੱਲਣਯੋਗ, ਨਾ ਬਖ਼ਸ਼ਣਯੋਗ ਅਤੇ ਨਾ ਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਅੰਦਰ ਪਹਿਲਾਂ ਵੀ ਘੱਲੂਘਾਰਿਆਂ ਵਿਚੋਂ ਲੰਘੇ ਹਨ, ਇਸ ਦੇ ਬਾਵਜੂਦ ਸਿੱਖ ਚੜ੍ਹਦੀ ਕਲਾ ਵਿਚ ਹਨ। ਅੱਜ ਸਿੱਖ ਕੌਮ ਚੜ੍ਹਦੀ ਕਲਾ ਨਾਲ ਵਿਸ਼ਵ ਭਰ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦਾ ਪ੍ਰਚਾਰ ਪ੍ਰਸਾਰ ਕਰ ਰਹੀ ਹੈ ਅਤੇ ਆਪਣੀ ਇਮਾਨਦਾਰੀ ਤੇ ਲਿਆਕਤ ਨਾਲ ਚੰਗੇ ਰੁਤਬੇ ਹਾਸਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕਾਤਲਾਂ ਅਤੇ ਸਿੱਖ ਪਛਾਣ ਨੂੰ ਜਜ਼ਬ ਕਰਨ ਵਾਲੀਆਂ ਸ਼ਕਤੀਆਂ ਨੂੰ ਇਸ ਗੱਲ ਦਾ ਭਰਮ ਹੈ ਕਿ ਉਹ ਸਿੱਖਾਂ ਨੂੰ ਮੁਕਾ ਦੇਣਗੇ ਪਰ ਸਿੱਖਾਂ ਨੂੰ ਗੁਰੂ ਦਾ ਥਾਪੜਾ ਹੈ। ਜਥੇਦਾਰ ਗੜਗੱਜ ਨੇ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਕਿ 1984 ਸਿੱਖ ਨਸਲਕੁਸ਼ੀ ਦਾ ਸੇਕ ਝੱਲਣ ਵਾਲੇ ਸਮੂਹ ਪਰਿਵਾਰ ਚੜ੍ਹਦੀ ਕਲਾ ਵਿਚ ਰਹਿਣ ਅਤੇ ਚੰਗਾ ਜੀਵਨ ਬਤੀਤ ਕਰਨ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ! ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ
