ਜਲੰਧਰ ਤੋਂ ਖਾਲਿਸਤਾਨੀ ਦਹਿਸ਼ਤਗਰਦ ਗ੍ਰਿਫਤਾਰ
Thursday, Mar 28, 2019 - 07:17 PM (IST)

ਜਲੰਧਰ,(ਮ੍ਰਿਦੁਲ): ਕਾਊਂਟਰ ਇੰਟੈਲੀਜੈਂਸ ਤੇ ਕਮਿਸ਼ਨਰੇਟ ਪੁਲਸ ਨੇ ਜੁਆਇੰਟ ਆਪ੍ਰੇਸ਼ਨ ਕਰ ਕੇ ਨਕੋਦਰ ਨੇੜਲੇ ਸਰੀਂਹ ਪਿੰਡ 'ਚ ਰਹਿੰਦੇ ਯੁਗਾਂਡਾ ਦੇ ਸਿਟੀਜ਼ਨ ਤੇ ਖਾਲਿਸਤਾਨੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦੀ ਅਮਰੀਕ ਸਿੰਘ ਖਾਲਿਸਤਾਨ ਕਮਾਂਡੋ ਫੋਰਸ ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜਿਆ ਸੀ।
ਏ. ਆਈ. ਜੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਅੱਤਵਾਦੀ ਅਮਰੀਕ ਸਿੰਘ ਯੁਗਾਂਡਾ ਤੋਂ ਭਾਰਤ ਨੇਪਾਲ ਦੇ ਬਾਰਡਰ ਨੂੰ ਕਰਾਸ ਕਰ ਕੇ ਆਇਆ। ਅਮਰੀਕ ਕਾਫੀ ਦੇਰ ਤੋਂ ਇਨ੍ਹਾਂ ਅੱਤਵਾਦੀ ਗਰੁੱਪਾਂ ਦੇ ਨਾਲ ਮਿਲ ਕੇ ਕਿਸੇ ਵੱਡੇ ਹਮਲੇ ਦੀ ਸਾਜ਼ਿਸ਼ ਤਿਆਰ ਕਰ ਰਿਹਾ ਸੀ ਤੇ ਉਹ ਨਕੋਦਰ ਸਥਿਤ ਸਰੀਂਹ ਪਿੰਡ 'ਚ ਪਿਛਲੇ 2 ਸਾਲਾਂ ਤੋਂ ਰਹਿ ਰਿਹਾ ਸੀ। ਅਮਰੀਕ ਨੂੰ ਅੱਡਾ ਜੰਡਿਆਲਾ 'ਚ ਕੁਝ ਦਿਨ ਪਹਿਲਾਂ ਇਕ ਸ਼ੱਕੀ ਸੂਹ ਮਿਲਣ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਏ. ਆਈ. ਜੀ. ਖੱਖ ਨੇ ਦੱਸਿਆ ਕਿ ਅਮਰੀਕ ਜਲੰਧਰ 'ਚ ਸਾਲ 2006 'ਚ ਜਲੰਧਰ ਬੱਸ ਸਟੈਂਡ 'ਤੇ ਹੋਏ ਬੰਬ ਧਮਾਕੇ 'ਚ ਮੁੱਖ ਮੁਲਜ਼ਮ ਸਤਨਾਮ ਸੱਤਾ ਦਾ ਸਾਥੀ ਸੀ, ਜਿਸ ਨੂੰ ਉਸ ਨੇ ਨਾਜਾਇਜ਼ ਤਰੀਕੇ ਨਾਲ ਬਾਹਰ ਭਿਜਵਾਇਆ ਸੀ। ਅਮਰੀਕ ਕੋਲੋਂ ਯੁਗਾਂਡਾ ਦਾ ਪਾਸਪੋਰਟ ਵੀ ਬਰਾਮਦ ਹੋਇਆ ਹੈ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਉਸ ਦੇ ਨਕੋਦਰ ਸਥਿਤ ਸਰੀਂਹ ਪਿੰਡ ਸਥਿਤ ਪੁਸ਼ਤੈਨੀ ਘਰ ਜੋ ਕਿ ਉਸ ਦੇ ਨਾਨਕਾ ਪਰਿਵਾਰ ਨਾਲ ਸਬੰਧਤ ਹੈ, 'ਚ ਸਰਚ ਕੀਤੀ ਜਾ ਰਹੀ ਹੈ ਤਾਂ ਜੋ ਉਸ ਦੇ ਟਿਕਾਣਿਆਂ ਦੇ ਸਬੂਤ ਮਿਲ ਸਕਣ।