ਬੱਸ ਅੱਡਿਆਂ ''ਤੇ ਲਿਖੇ ''ਖਾਲਿਸਤਾਨ-ਜ਼ਿੰਦਾਬਾਦ'' ਦੇ ਨਾਅਰੇ, ਪੁਲਸ ਅਣਜਾਣ
Thursday, Sep 10, 2020 - 03:51 PM (IST)
ਮਾਛੀਵਾੜਾ ਸਾਹਿਬ (ਟੱਕਰ) : ਕੂੰਮਕਲਾਂ ਥਾਣਾ ਅਧੀਨ ਪੈਂਦੇ ਕੁਹਾੜਾ-ਮਾਛੀਵਾੜਾ ਰੋਡ ’ਤੇ ਸਥਿਤ ਪੇਂਡੂ ਬੱਸ ਅੱਡਿਆਂ ’ਤੇ ਪਿਛਲੇ ਕੁੱਝ ਦਿਨਾਂ ਤੋਂ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਹੋਏ ਹਨ ਜਿਸ ਦੀ ਪੁਲਸ ਨੂੰ ਕੋਈ ਜਾਣਕਾਰੀ ਨਹੀਂ। ਮਾਛੀਵਾੜਾ-ਕੁਹਾੜਾ ਰੋਡ ’ਤੇ ਸਥਿਤ ਪਿੰਡ ਰਜ਼ੂਲ, ਪੰਜੇਟਾ ਅਤੇ ਸੰਘਿਆਂ ਦੇ ਬੱਸ ਅੱਡੇ, ਜਿੱਥੋਂ ਕਿ ਰੋਜ਼ਾਨਾ ਸਵਾਰੀਆਂ ਚੜ੍ਹਦੀਆਂ ਹਨ, ਉਨ੍ਹਾਂ ’ਤੇ ਖਾਲਿਸਤਾਨ ਸਮਰਥਕਾਂ ਵੱਲੋਂ ਇਸ ਸਬੰਧੀ ਹੱਥ ਲਿਖਤ ਨਾਅਰੇ ਬਣਾਏ ਗਏ ਹਨ।
ਇਨ੍ਹਾਂ ਨਾਅਰਿਆਂ ਤੋਂ ਇਲਾਵਾ ਰਿਫੈਂਰਡਮ-2020 ਅਤੇ ਬੰਦੀ ਸਿੰਘਾਂ ਦੀ ਰਿਹਾਈ ਕਰੋ ਵੀ ਲਿਖਿਆ ਗਿਆ ਹੈ। ਇਨ੍ਹਾਂ ਬੱਸ ਅੱਡਿਆਂ ਦੇ ਆਸ-ਪਾਸ ਰਹਿੰਦੇ ਦੁਕਾਨਦਾਰਾਂ ਨੇ ਦੱਸਿਆ ਕਿ ਖਾਲਿਸਤਾਨ ਸਮਰਥਕ ਨਾਅਰੇ ਪਿਛਲੇ ਮਹੀਨੇ ਕੋਈ ਅਣਪਛਾਤਾ ਵਿਅਕਤੀ ਲਿਖ ਕੇ ਚਲਾ ਗਿਆ, ਜਿਸ ਸਬੰਧੀ ਕਿਸੇ ਨੇ ਪੁਲਸ ਕੋਈ ਸ਼ਿਕਾਇਤ ਨਾ ਕੀਤੀ। ਮਾਛੀਵਾੜਾ-ਕੁਹਾੜਾ ਰੋਡ ’ਤੇ ਅਕਸਰ ਕੂੰਮਕਲਾਂ ਪੁਲਸ ਮੁਲਾਜ਼ਮ ਗਸ਼ਤ ਕਰਦੇ ਹਨ ਅਤੇ ਹੈਰਾਨੀ ਦੀ ਗੱਲ ਹੈ ਕਿ ਕਿਸੇ ਦੀ ਵੀ ਨਜ਼ਰ ਇਨ੍ਹਾਂ ਲਿਖੇ ਨਾਅਰਿਆਂ ’ਤੇ ਨਾ ਪਈ।
ਜ਼ਿਕਰਯੋਗ ਹੈ ਕਿ ਪੰਜਾਬ ’ਚ ਪਿਛਲੇ ਕੁਝ ਦਿਨਾਂ ਤੋਂ ਖਾਲਿਸਤਾਨ ਸਬੰਧੀ ਝੰਡੇ ਲਹਿਰਾਉਣ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਕੂੰਮਕਲਾਂ ਥਾਣਾ ਅਧੀਨ ਪੈਂਦੇ ਪਿੰਡਾਂ ਦੇ ਬੱਸ ਅੱਡਿਆਂ ’ਤੇ ਨਾਅਰੇ ਲਿਖੇ ਜਾਣਾ ਪੁਲਸ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹਨ। ਇਸ ਸਬੰਧੀ ਥਾਣਾ ਕੂੰਮਕਲਾਂ ਮੁਖੀ ਵਰਿੰਦਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 4 ਦਿਨ ਪਹਿਲਾਂ ਹੀ ਉਨ੍ਹਾਂ ਅਹੁਦਾ ਸੰਭਾਲਿਆ ਹੈ ਅਤੇ ਉਹ ਬੱਸ ਅੱਡੇ ’ਤੇ ਲਿਖੇ ਖਾਲਿਸਤਾਨ ਨਾਅਰਿਆਂ ਦੀ ਜਾਂਚ ਕਰਵਾਉਣਗੇ।