ਸੁਨੀਲ ਜਾਖੜ ਨੂੰ ਲੈ ਕੇ ਭਖੀ ਸਿਆਸਤ, ਹੁਣ ਕੇਜਰੀਵਾਲ ਨੇ ਕਾਂਗਰਸ ਤੋਂ ਪੁੱਛਿਆ ਵੱਡਾ ਸਵਾਲ
Thursday, Feb 03, 2022 - 03:45 PM (IST)
ਨਵੀਂ ਦਿੱਲੀ/ਜਲੰਧਰ (ਵੈੱਬ ਡੈਸਕ): 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨੂੰ ਵੱਡਾ ਸਵਾਲ ਕਰਦਿਆਂ ਪੁੱਛਿਆ ਹੈ ਕਿ ਪੰਜਾਬ ਵਿੱਚ ਲੋਕਾਂ ਕੋਲੋਂ ਮੁੱਖ ਮੰਤਰੀ ਚਿਹਰੇ ਲਈ ਮੰਗੀ ਜਾ ਰਹੀ ਰਾਏ ਵਿੱਚ ਸੁਨੀਲ ਜਾਖੜ ਦਾ ਨਾਂ ਕਿਉਂ ਸ਼ਾਮਲ ਨਹੀਂ ਹੈ। ਕੇਜਰੀਵਾਲ ਨੇ ਟਵੀਟ ਕਰਦਿਆਂ ਪੁੱਛਿਆ ਕਿ ਕਾਂਗਰਸ ਪੰਜਾਬ ਵਿੱਚ ਲੋਕਾਂ ਨੂੰ ਚੰਨੀ ਜੀ ਅਤੇ ਸਿੱਧੂ ਜੀ ਵਿੱਚੋਂ ਕਿਸੇ ਇਕ ਨੂੰ ਚਿਹਰਾ ਚੁਣਨ ਲਈ ਕਹਿ ਰਹੀ ਹੈ। ਕਾਂਗਰਸ ਨੇ ਜਾਖੜ ਜੀ ਦਾ ਨਾਮ ਕਿਉਂ ਨਹੀਂ ਸ਼ਾਮਲ ਕੀਤਾ? ਸੁਨੀਲ ਕੁਮਾਰ ਜਾਖੜ ਨੂੰ ਕਾਂਗਰਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਨਾ ਕਰਨ ਨੂੰ ਲੈ ਕੇ ਭਖੀ ਪੰਜਾਬ ਦੀ ਸਿਆਸਤ 'ਚ ਬਿਆਨ ਦੇਣ ਵਾਲੇ ਆਗੂਆਂ ਵਿੱਚ ਬਿਕਰਮ ਮਜੀਠੀਆ, ਰਾਘਵ ਚੱਢਾ ਮਗਰੋਂ ਹੁਣ ਅਰਵਿੰਦ ਕੇਜਰੀਵਾਲ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।
ਇਹ ਵੀ ਪੜ੍ਹੋ : CM ਚਿਹਰੇ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਹਾ-ਲੜਾਈ ਦੇ ਮੈਦਾਨ 'ਚ ਘੋੜੇ ਨਹੀਂ ਬਦਲੇ ਜਾਂਦੇ
ਦੱਸਣਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਸੀ। ਜਾਖੜ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਵੋਟਿੰਗ ਕਰਵਾਈ ਸੀ। ਇਸ ਵੋਟਿੰਗ ਵਿਚ 79 ਵਿਧਾਇਕਾਂ ਵਿਚੋਂ 42 ਉਨ੍ਹਾਂ ਦੇ ਹੱਕ ਵਿਚ ਆਏ ਸਨ ਜਦਕਿ ਚਰਨਜੀਤ ਚੰਨੀ ਦਾ ਸਿਰਫ਼ 2 ਵਿਧਾਇਕਾਂ ਨੇ ਸਮਰਥਨ ਕੀਤਾ ਸੀ। ਇਸ ਦੇ ਬਾਵਜੂਦ ਉਹ ਮੁੱਖ ਮੰਤਰੀ ਬਣ ਗਏ। ਇਹ ਗੱਲ ਸੁਨੀਲ ਜਾਖੜ ਨੇ ਚੋਣ ਪ੍ਰਚਾਰ ਦੌਰਾਨ ਆਖੀ ਸੀ।ਜਾਖੜ ਦੇ ਇਸ ਬਿਆਨ ਮਗਰੋਂ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ।ਬਿਕਰਮ ਮਜੀਠੀਆ ਨੇ ਕਾਂਗਰਸ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜਾਖੜ ਨੂੰ ਮੁੱਖ ਮੰਤਰੀ ਨਾ ਬਣਾ ਕੇ ਕਾਂਗਰਸ ਨੇ ਹਿੰਦੂ ਭਾਈਚਾਰੇ ਦਾ ਅਪਮਾਨ ਕੀਤਾ ਹੈ।ਰਾਘਵ ਚੱਢਾ ਨੇ ਵੀ ਪ੍ਰੈੱਸ ਕਾਰਨਫਰੰਸ ਕਰਕੇ ਕਾਂਗਰਸ 'ਤੇ ਵੱਡੇ ਸਵਾਲ ਉਠਾਉਂਦਿਆਂ ਕਿਹਾ ਕਿ ਕਿਸੇ ਦੀ ਜਾਤ-ਪਾਤ ਨੂੰ ਵੇਖ ਕੇ ਕਿਸੇ ਨੂੰ ਅਪਣਾਇਆ ਜਾਂ ਦੂਰ ਨਹੀਂ ਕੀਤਾ ਜਾਂਦਾ। ਪੰਜਾਬ ਗੁਰੂਆਂ ਦੀ ਧਰਤੀ ਹੈ, ਇਥੇ ਸਭ ਨੂੰ ਇਕ ਨਜ਼ਰ ਨਾਲ ਵੇਖਿਆ ਜਾਂਦਾ ਹੈ ਪਰ ਕਾਂਗਰਸ ਪਾਰਟੀ ਨਫ਼ਰਤ ਦੇ ਬੀਜ ਬੀਜਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਕਾਂਗਰਸ ਪਾਰਟੀ ਨੇ ਹੋਰਡਿੰਗਸ ’ਤੇ ਮੁੱਖ ਮੰਤਰੀ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦੀ ਤਸਵੀਰ ਲਗਾਈ ਹੈ ਪਰ ਜਾਖੜ ਕਾਂਗਰਸ ਨੂੰ ਪੁੱਛਣਾ ਚਾਹੁੰਦੇ ਹਨ ਜਦ ਮੈਂ ਮੁੱਖ ਮੰਤਰੀ ਦੀ ਦੌੜ ਵਿਚ ਹੀ ਨਹੀਂ ਹਾਂ ਤਾਂ ਮੇਰੀ ਤਸਵੀਰ ਕਿਉਂ ਲਗਾਈ ਹੈ? ਹੁਣ 'ਆਪ' ਸੁਪਰੀਮੋ ਕੇਜਰੀਵਾਲ ਨੇ ਵੀ ਟਵੀਟ ਕਰਕੇ ਕਾਂਗਰਸ ਨੂੰ ਵੱਡਾ ਸਵਾਲ ਕੀਤਾ ਹੈ ਅਤੇ ਮੁੱਖ ਮੰਤਰੀ ਚਿਹਰੇ ਲਈ ਮੰਗੇ ਜਾ ਰਹੇ ਸੁਝਾਅ ਵਿੱਚੋਂ ਸੁਨੀਲ ਜਾਖੜ ਦਾ ਨਾਮ ਸ਼ਾਮਲ ਨਾ ਹੋਣ ਦਾ ਕਾਰਨ ਪੁੱਛਿਆ ਹੈ।
ਇਹ ਵੀ ਪੜ੍ਹੋ : ਪਾਰਟੀ ਦਾ ਹੁਕਮ ਸਭ ਤੋਂ ਅਹਿਮ, ਉਮਰ ਨਾਲੋਂ ਪਾਰਟੀ ਦੇ ਹਿੱਤ ਪਿਆਰੇ: ਪ੍ਰਕਾਸ਼ ਸਿੰਘ ਬਾਦਲ
ਨੋਟ: ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ ਕੁਮੈਂਟ ਕਰਕੇ ਦਿਓ ਆਪਣੀ ਰਾਏ