124 ਸਾਲਾ ਕਰਤਾਰ ਕੌਰ ਦਿਵਾਏਗੀ ਹਿੰਦੁਸਤਾਨ ਤੇ ਪੰਜਾਬ ਨੂੰ ਇਕ ਵੱਡਾ ਖਿਤਾਬ (ਵੀਡੀਓ)
Thursday, Mar 14, 2019 - 11:00 AM (IST)
ਫਿਰੋਜ਼ਪੁਰ (ਕੁਮਾਰ) - ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਜਪਾਨ ਦੀ 116 ਸਾਲ ਜ਼ਿੰਦਾ ਔਰਤ ਦਾ ਖਿਤਾਬ ਪਾਉਣ ਤੋਂ ਬਾਅਦ ਹਿੰਦੁਸਤਾਨ ਦੇ ਪੰਜਾਬ ਦੇ ਜ਼ਿਲਾ ਫਿਰੋਜ਼ਪੁਰ ਦੀ ਰਹਿਣ ਵਾਲੀ 124 ਸਾਲਾ ਬਿਰਧ ਔਰਤ ਕਰਤਾਰ ਕੌਰ ਇਕ ਵੱਡਾ ਖਿਤਾਬ ਹਾਸਲ ਕਰ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਕਰਤਾਰ ਕੌਰ ਫਿਰੋਜ਼ਪੁਰ ਛਾਉਣੀ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪੰਜ ਭਰਾ ਸਨ, ਜਿਨ੍ਹਾਂ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਮਾਤਾ ਨੂੰ ਦਿਲ ਦਾ ਦੌਰਾ ਪੈਣ 'ਤੇ ਪਰਿਵਾਰ ਵਾਲੇ ਉਸ ਨੂੰ ਨਿੱਜੀ ਹਸਪਤਾਲ ਇਲਾਜ ਲਈ ਲੈ ਗਏ, ਜਿਥੇ ਡਾਕਟਰ ਨੇ ਉਨ੍ਹਾਂ ਦੀ ਜ਼ਿਆਦਾ ਉਮਰ ਹੋਣ ਕਾਰਨ ਆਪ੍ਰੇਸ਼ਨ ਕਰਨ ਤੋਂ ਮਨ੍ਹਾ ਕਰ ਦਿੱਤਾ ਪਰ ਪਰਿਵਾਰ ਦੇ ਕਹਿਣ 'ਤੇ ਡਾਕਟਰਾਂ ਨੇ ਮਾਤਾ ਦੇ ਦਿਲ ਦਾ ਆਪ੍ਰੇਸ਼ਨ ਕਰਕੇ ਉਸ ਦੇ ਦਿਲ ਨੂੰ ਪੇਸਮੇਕਰ ਪਾ ਦਿੱਤਾ। ਆਪ੍ਰੇਸ਼ਨ ਤੋਂ ਬਾਅਦ ਮਾਤਾ ਬਿਲਕੁਲ ਠੀਕ-ਠਾਕ ਅਤੇ ਆਪਣੇ ਹੱਸਦੇ-ਖੇਡਦੇ ਪਰਿਵਾਰ ਨਾਲ ਰਹਿ ਰਹੀ ਹੈ।
ਮਾਤਾ ਦੇ ਪੋਤਰੇ ਬਿੱਟੂ ਸਾਂਘਾ ਤੇ ਹਰਿੰਦਰ ਕੌਰ ਨੂੰਹ ਨੇ ਦੱਸਿਆ ਕਿ ਮਾਤਾ ਪ੍ਰਮਾਤਮਾ 'ਤੇ ਕਾਫੀ ਵਿਸ਼ਵਾਸ ਰੱਖਦੀ ਹੈ ਤੇ ਉਨ੍ਹਾਂ ਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋਣ ਕਾਰਨ ਮਾਤਾ ਨੇ ਆਪਣੇ ਸਾਰੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਅੱਜ ਉਨ੍ਹਾਂ ਦਾ ਸਾਰਾ ਪਰਿਵਾਰ ਪੜ੍ਹਿਆ-ਲਿਖਿਆ, ਕਾਰੋਬਾਰ ਤੇ ਜ਼ਮੀਨ ਜਾਇਦਾਦ ਵਾਲਾ ਹੈ। ਮਾਤਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਇਨ੍ਹਾਂ ਦੀ ਉਮਰ ਦੇ ਬਾਰੇ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ, ਇਹ ਸਾਡੇ ਘਰ ਦਾ ਅਨਮੋਲ ਰਤਨ ਹੈ। ਇਨ੍ਹਾਂ ਦੇ ਆਸ਼ੀਰਵਾਦ ਸਦਕਾ ਅੱਜ ਸਾਰਾ ਪਰਿਵਾਰ ਖੁਸ਼ ਤੇ ਖੁਸ਼ਹਾਲ ਹੈ। ਅਸੀਂ ਕਾਮਨਾ ਕਰਦੇ ਹਾਂ ਕਿ ਸਾਡੀ ਮਾਤਾ ਦੀ ਉਮਰ ਲੰਬੀ ਹੋਵੇ।