ਕਰਤਾਰਪੁਰ ਕਾਰੀਡੋਰ ਸੰਬੰਧੀ ਸਮਾਗਮ ਕਾਂਗਰਸ ਦਾ, ਨਾ ਕਿ ਹਰਸਿਮਰਤ ਦਾ : ਬਾਜਵਾ

Sunday, Nov 25, 2018 - 11:21 PM (IST)

ਕਰਤਾਰਪੁਰ ਕਾਰੀਡੋਰ ਸੰਬੰਧੀ ਸਮਾਗਮ ਕਾਂਗਰਸ ਦਾ, ਨਾ ਕਿ ਹਰਸਿਮਰਤ ਦਾ : ਬਾਜਵਾ

ਜਲੰਧਰ, (ਵੈਬ ਡੈਸਕ) – ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ 26 ਨਵੰਬਰ ਨੂੰ ਕਰਤਾਰਪੁਰ ਕਾਰੀਡੋਰ ਦੀ ਨੀਂਹ ਰੱਖਣ ਸੰਬੰਧੀ ਰੱਖੇ ਸਮਾਗਮ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੀਂਹ ਰੱਖਣ ਸੰਬੰਧੀ ਕਰਵਾਇਆ ਜਾਣ ਵਾਲਾ ਸਮਾਗਮ ਕਾਂਗਰਸ ਪਾਰਟੀ ਦਾ ਹੈ ਨਾ ਕਿ ਹਰਸਿਮਰਤ ਕੌਰ ਬਾਦਲ ਦਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਮਹਿਰ ਸਦਕਾ ਇਹ ਕਾਰੀਡੋਰ ਬਣਨ ਜਾ ਰਿਹਾ ਹੈ। ਜਿਸ ਦਾ ਉਦਘਾਟਨੀ ਸਮਾਗਮ ਕੇਂਦਰ ਵਲੋਂ ਕਾਹਲੀ ’ਚ ਰੱਖਿਆ ਗਿਆ ਹੈ। ਜਿਸ ਕਾਰਨ ਸਥਿਤੀ ਗੁੰਝਲਦਾਰ ਹੋ ਗਈ ਹੈ।

ਬਾਜਵਾ ਨੇ ਅੱਜ ਇਥੋਂ ਜਾਰੀ ਆਪਣੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਸ ਸਮਾਗਮ ਵਿਚ ਬੋਲਣ ਵਾਲੇ ਬੁਲਾਰਿਆਂ ਅਤੇ ਸਟੇਜ ਉੱਤੇ ਬੈਠਣ ਵਾਲੇ ਆਗੂਆਂ ਦੇ ਨਾਵਾਂ ਦਾ ਫੈਸਲਾ ਦਿੱਲੀ ਵਿਚ ਬੈਠ ਕੇ ਕੀਤਾ ਗਿਆ ਹੈ। ਉਹਨਾਂ ਦਸਿਆ ਕਿ ਸਥਾਨਕ ਧਾਰਮਿਕ ਆਗੂਆਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਮਾਗਮ ਵਿਚ ਧੰਨਵਾਦ ਕਰਨ ਦੀ ਦਿੱਤੀ ਗਈ ਜ਼ਿਮੇਂਵਾਰੀ ਉੱਤੇ ਸਖ਼ਤ ਇਤਰਾਜ਼ ਕੀਤਾ ਹੈ। ਸੰਤ ਸਮਾਜ ਅਤੇ ਪੰਜਾਬ ਕਾਂਗਰਸ ਦਾ ਮੰਨਣਾ ਹੈ ਕਿ ਇਹ ਜ਼ਿਮੇਂਵਾਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਇਲਾਕੇ ਦੇ ਪਾਰਲੀਮੈਂਟ ਮੈਂਬਰ ਸੁਨੀਲ ਜਾਖੜ ਨੂੰ ਦਿੱਤੀ ਜਾਣੀ ਚਾਹੀਦੀ ਸੀ। ਬਾਜਵਾ ਨੇ ਇਹ ਵੀ ਦਸਿਆ ਕਿ ਸੰਤ ਸਮਾਜ ਨੇ ਫੈਸਲਾ ਕੀਤਾ ਹੈ ਕਿ ਉਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸਟੇਜ ਸਾਂਝੀ ਕਰਨ ਨਹੀਂ ਕਰਨਗੇ ਅਤੇ ਜੇ ਉਹ ਇਸ ਸਮਾਗਮ ਵਿਚ ਆਏ ਤਾਂ ਉਹ ਸਮਾਗਮ ਦਾ ਬਾਈਕਾਟ ਕਰਨਗੇ।
ਬਾਜਵਾ ਨੇ ਕਿਹਾ ਕਿ ਇਸ ਸਮਾਗਮ ਵਿਚ ਨਾ ਸਿਰਫ਼ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਨੂੰ ਬਲਕਿ ਇਸ ਇਲਾਕੇ ਦੇ ਮੰਤਰੀਆਂ ਨੂੰ ਵੀ ਸਮਾਗਮ ਤੋਂ ਲਾਂਭੇ ਰੱਖਿਆ ਗਿਆ ਹੈ। ਉਹਨਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਸਮਾਗਮ ਵਿਚ ਅਕਾਲੀ ਆਗੂਆਂ ਖਾਸ ਕਰ ਕੇ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਹਾਜ਼ਰੀ ਸੁਰੱਖਿਆ ਦਾ ਮਾਮਲਾ ਖੜਾ ਕਰ ਸਕਦੀ ਹੈ ਕਿਉਂਕਿ ਅਕਾਲੀ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਅਕਾਲੀਆਂ ਆਗੂਆਂ ਖਿਲਾਫ ਸਖ਼ਤ ਰੋਹ ਹੈ।
ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਲਾਂਘਾ ਬਨਾਉਣ ਦਾ ਲਾਹਾ ਲੈਣ ਦੀ ਦੌੜ ਵਿਚ ਨੀਂਹ ਪੱਥਰ ਸਮਾਗਮ ਬਿਨਾਂ ਕਿਸੇ ਤਿਆਰੀ ਤੋਂ ਪਾਕਿਸਤਾਨ ਸਰਕਾਰ ਦੇ ਨੀਂਹ ਪੱਥਰ ਸਮਾਗਮ ਤੋਂ ਦੋ ਦਿਨ ਪਹਿਲਾਂ ਰੱਖ ਲਿਆ ਹੈ ਜਿਸ ਕਰ ਕੇ ਹਫੜਾ ਦਫੜੀ ਪੈਦਾ ਹੋ ਗਈ ਹੈ।
ਬਾਜਵਾ ਨੇ ਮੰਗ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਇਲਾਕੇ ਦੇ ਮੰਤਰੀਆਂ ਨੂੰ ਸਮਾਗਮ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।


Related News