ਕਪੂਰਥਲਾ ਪੁਲਸ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ, ਕਰੋੜਾਂ ਦੀ ਜਾਇਦਾਦ ਨੂੰ ਕੀਤਾ ਜ਼ਬਤ

Saturday, Jun 06, 2020 - 11:12 AM (IST)

ਕਪੂਰਥਲਾ ਪੁਲਸ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ, ਕਰੋੜਾਂ ਦੀ ਜਾਇਦਾਦ ਨੂੰ ਕੀਤਾ ਜ਼ਬਤ

ਕਪੂਰਥਲਾ (ਭੂਸ਼ਣ)— ਕਪੂਰਥਲਾ ਪੁਲਸ ਵੱਲੋਂ ਜ਼ਿਲ੍ਹਾ ਭਰ 'ਚ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਵੱਡੀ ਮੁਹਿੰਮ ਤਹਿਤ ਮਈ ਮਹੀਨੇ 'ਚ 26 ਨਸ਼ਾ ਤਸਕਰਾਂ 'ਤੇ ਸਖ਼ਤ ਕਾਰਵਾਈ ਕੀਤੀ ਗਈ। ਕਾਰਵਾਈ ਦੌਰਾਨ ਪੁਲਸ ਨੇ ਉਨ੍ਹਾਂ ਵੱਲੋਂ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਕਰੀਬ 14.25 ਕਰੋੜ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ 'ਤੇ ਜ਼ਬਤ ਕਰ ਲਿਆ ਗਿਆ। ਇਹ ਜਾਣਕਾਰੀ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਦਿੱਤੀ।

ਐੱਸ. ਐੱਸ. ਪੀ. ਨੇ ਕਿਹਾ ਕਿ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਦੇ ਹੁਕਮਾਂ 'ਤੇ ਸੂਬੇ ਭਰ 'ਚ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਪੂਰਥਲਾ ਪੁਲਸ ਨੇ ਜ਼ਿਲ੍ਹੇ ਭਰ 'ਚ ਸਰਗਰਮ ਉਨ੍ਹਾਂ ਬਦਨਾਮ ਨਸ਼ਾ ਤਸਕਰਾਂ ਦੀ ਪਛਾਣ ਦਾ ਕੰਮ ਸ਼ੁਰੂ ਕੀਤਾ ਸੀ, ਜਿਨ੍ਹਾਂ ਨੇ ਨਸ਼ਾ ਤਸਕਰਾਂ ਦੇ ਕਾਰੋਬਾਰ 'ਚ ਮੋਟੀ ਜਾਇਦਾਦ ਬਣਾਈ ਸੀ। ਜਿਸ ਤਹਿਤ ਜ਼ਿਲ੍ਹੇ ਭਰ 'ਚ 26 ਨਾਮੀ ਗ੍ਰਾਮੀ ਨਸ਼ਾ ਤਸਕਰਾਂ ਦੀ ਪਛਾਣ ਕਰਕੇ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਆਲੀਸ਼ਾਨ ਕੋਠੀਆਂ, ਮਹਿੰਗੀਆਂ ਗੱਡੀਆਂ ਅਤੇ ਜ਼ਮੀਨ ਜਾਇਦਾਦ ਦੀ ਪਛਾਣ ਕਰਕੇ 14 ਕਰੋੜ 24 ਲੱਖ 73 ਹਜ਼ਾਰ 585 ਰੁਪਏ ਦੀ ਜਾਇਦਾਦ ਨੂੰ ਕੰਪੀਟੈਂਟ ਅਥਾਰਿਟੀ ਨਵੀਂ ਦਿੱਲੀ ਤੋਂ ਫਰੀਜ਼ ਕਰਵਾਇਆ ਗਿਆ ਹੈ। ਐੱਸ. ਐੱਸ. ਪੀ. ਨੇ ਦਸਿਆ ਕਿ ਇਸ ਤੋਂ ਇਲਾਵਾ 8 ਹੋਰ ਨਸ਼ਾ ਤਸਕਰਾਂ ਦੀ ਜਾਇਦਾਦ ਦੀ ਪਛਾਣ ਕਰਦੇ ਹੋਏ ਉਸ ਸਬੰਧੀ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਿਟੀ ਨਵੀਂ ਦਿੱਲੀ ਨੂੰ ਭੇਜੇ ਗਏ ਹਨ। ਇਨ੍ਹਾਂ ਜਾਇਦਾਦਾਂ ਦੀ ਕੁਲ ਕੀਮਤ 2 ਕਰੋੜ 78 ਲੱਖ 45 ਹਜ਼ਾਰ 234 ਰੁਪਏ ਬਣਦੀ ਹੈ, ਜਿਸ ਸਬੰਧੀ ਜਲਦੀ ਹੀ ਕੰਪੀਟੈਂਟ ਅਥਾਰਿਟੀ ਨਵੀਂ ਦਿੱਲੀ ਤੋਂ ਹੁਕਮ ਹਾਸਲ ਹੋ ਜਾਣਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਕਪੂਰਥਲਾ ਪੁਲਸ ਨੇ ਪਿਛਲੇ ਦਿਨੀਂ 30 ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਇਨ੍ਹਾਂ ਵੱਲੋਂ ਬਣਾਈ ਗਈ 7 ਕਰੋੜ 55 ਲੱਖ 591 ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ 'ਤੇ ਜ਼ਬਤ ਕਰਨ ਕੇਸ ਤਿਆਰ ਕਰਕੇ ਇਨਫੋਰਸਮੈਂਟ ਡਾਇਰੈਕੋਰੇਟ ਜਲੰਧਰ ਨੂੰ ਭੇਜੇ ਜਾ ਰਹੇ ਹਨ। ਐੱਸ. ਐੱਸ. ਪੀ. ਕਪੂਰਥਲਾ ਨੇ ਇਹ ਵੀ ਦਸਿਆ ਕਿ ਫਰਵਰੀ 2020 'ਚ 5 ਵੱਡੇ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਤੋਂ ਫਰੀਜ਼ ਕਰਵਾਇਆ ਗਿਆ ਸੀ, ਜਿਸ ਦੀ ਕੁੱਲ ਕੀਮਤ 2 ਕਰੋੜ 85 ਲੱਖ 21 ਹਜ਼ਾਰ ਰੁਪਏ ਬਣਦੀ ਹੈ।


author

shivani attri

Content Editor

Related News