ਅੰਮ੍ਰਿਤਸਰ ਤੋਂ ਬਾਅਦ ਕਪੂਰਥਲਾ ’ਚ ਬੇਅਦਬੀ ਦੀ ਘਟਨਾ ਵਾਪਰਨ ਮਗਰੋਂ ਮਾਹੌਲ ਬਣਿਆ ਤਣਾਅਪੂਰਨ
Sunday, Dec 19, 2021 - 01:35 PM (IST)
ਕਪੂਰਥਲਾ (ਓਬਰਾਏ)- ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ’ਚ ਹੋਈ ਬੇਅਦਬੀ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਪੰਜਾਬ ’ਚ ਇਕ ਹੋਰ ਬੇਅਦਬੀ ਦੀ ਘਟਨਾ ਵਾਪਰ ਗਈ। ਕਪੂਰਥਲਾ ਜ਼ਿਲ੍ਹੇ ਦੇ ਨਿਜਾਮਪੁਰ ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ’ਚ ਇਕ ਸ਼ਖ਼ਸ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਪੂਰਥਲਾ ਵਿਖੇ ਵਾਪਰੀ ਬੇਅਦਬੀ ਦੀ ਇਸ ਘਟਨਾ ਤੋਂ ਬਾਅਦ ਹੁਣ ਇਥੇ ਵੀ ਮਾਹੌਲ ਤਣਾਅਪੂਰਨ ਹੋ ਗਿਆ ਹੈ। ਗੁੱਸੇ ’ਚ ਆਏ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ ਹੈ। ਮੌਕੇ ’ਤੇ ਵੱਡੀ ਗਿਣਤੀ ’ਚ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਕਪੂਰਥਲਾ-ਸੁਭਾਨਪੁਰ ਰੋਡ ਨੂੰ ਜਾਮ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪੁਲਸ ਦੇ ਨਾਲ ਸ਼ਰਧਾਲੂਆਂ ਦੀ ਝੜਪ ਵੀ ਹੋ ਗਈ। ਇਸ ਦੌਰਾਨ ਸ਼ਰਧਾਲੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਬੇਅਦਬੀ ਦੇ ਮਾਮਲਿਆਂ ’ਚ ਇਨਸਾਫ਼ ਦਿਵਾਏ। ਸ਼ਰਧਾਲੂਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮੁਲਜ਼ਮ ਨਾਲ ਵੀ ਉਸੇ ਤਰ੍ਹਾਂ ਦਾ ਵਤੀਰਾ ਕੀਤਾ ਜਾਵੇ, ਜਿਵੇਂ ਸ੍ਰੀ ਦਰਬਾਰ ਸਾਹਿਬ ’ਚ ਵਾਪਰੀ ਬੇਅਦਬੀ ਦੀ ਘਟਨਾ ਦੇ ਮੁਲਜ਼ਮ ਨਾਲ ਕੀਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਅੱਜ ਸਵੇਰੇ ਇਥੇ ਬੇਅਦਬੀ ਕਰਨ ਵਾਲੇ ਸ਼ਖ਼ਸ ਨੂੰ ਪਿੰਡ ਵਾਸੀਆਂ ਨੇ ਮੌਕੇ ’ਤੇ ਫੜ ਲਿਆ ਸੀ ਅਤੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ ਗਈ। ਪਿੰਡ ਵਾਸੀਆਂ ਨੇ ਇਸ ਦੀ ਵੀਡੀਓ ਵੀ ਬਣਾਈ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਸ਼ਾਂਤੀ ਨੂੰ ਖ਼ਤਰਾ ਨਹੀਂ, ਗ੍ਰਹਿ ਮੰਤਰਾਲਾ ਸਰਹੱਦ ’ਤੇ ਡਰੋਨ ਨੂੰ ਸੁੱਟਣ ਵਾਲੇ ਉਪਕਰਣ ਲਾਵੇ: ਸੁਖਜਿੰਦਰ ਰੰਧਾਵਾ
ਭੱਜਣ ਦੀ ਕੋਸ਼ਿਸ਼ ’ਚ ਵੀ ਸ਼ਖ਼ਸ, ਦੋ ਘੰਟੇ ਦੀ ਮੁਸ਼ੱਕਤ ਦੇ ਬਾਅਦ ਫੜਿਆ
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਪੂਰਥਲਾ ਰੋਡ ’ਤੇ ਨਿਜਾਮਪੁਰ ਮੋੜ ’ਤੇ ਸਥਿਤ ਗੁਰਦੁਆਰਾ ਸਾਹਿਬ ’ਚ ਅੱਜ ਸਵੇਰੇ ਉਕਤ ਮੁਲਜ਼ਮ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ। ਸਵੇਰੇ ਕਰੀਬ 4 ਵਜੇ ਪਿੰਡ ਦੇ ਲੋਕ ਨਿਤਨੇਮ ਕਰਨ ਲਈ ਆਏ ਸਨ। ਉਸ ਸਮੇਂ ਉਕਤ ਵਿਅਕਤੀ ਨਿਸ਼ਾਨ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਜਦੋਂ ਉਹ ਪਹੁੰਚੇ ਤਾਂ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਸ ਨੂੰ 2 ਘੰਟੇ ਦੇ ਮੁਸ਼ੱਕਤ ਦੇ ਬਾਅਦ ਤੁਰੰਤ ਉਸ ਨੂੰ ਫੜ ਲਿਆ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਦਿੱਲੀ ਤੋਂ ਆਇਆ ਹੈ।
ਪੁੱਛਗਿੱਛ ’ਚ ਨੌਜਵਾਨ ਨੇ ਹੀ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ ਪੈਸੇ ਦੇ ਕੇ ਬੇਅਦਬੀ ਕਰਨ ਲਈ ਭੇਜਿਆ ਗਿਆ ਹੈ। ਇਸ ਦੇ ਇਲਾਵਾ ਉਹ ਆਪਣੇ ਬਾਰੇ ਕੁਝ ਨਹੀਂ ਦੱਸ ਰਿਹਾ ਹੈ। ਉਸ ਨੇ ਆਪਣਾ ਨਾਮ ਵੀ ਨਹੀਂ ਦੱਸਿਆ। ਉਸ ਦੇ ਗਲੇ ’ਚ ਕੁਝ ਆਈ. ਡੀ. ਕਾਰਡ ਜ਼ਰੂਰ ਮਿਲੇ ਹਨ। ਉਨ੍ਹਾਂ ਕਿਹਾ ਕਿ ਇਹ ਸਾਜਿਸ਼ ਰਚੀ ਗਈ ਹੈ। ਪਿੰਡ ਵਾਸੀਆਂ ਨੇ ਵਾਰ-ਵਾਰ ਨੌਜਵਾਨ ਨੂੰ ਸਿੱਖ ਪਰੰਪਰਾ ਮੁਤਾਬਕ ਸਜ਼ਾ ਦੇਣ ਦੀ ਗੱਲ ਕਹੀ। ਉਥੇ ਹੀ ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕ ਬਾਬਾ ਅਮਰਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਜਲਦੀ ਹੀ ਉਨ੍ਹਾਂ ਦੀ ਟੀਮ ਪਿੰਡ ’ਚ ਪਹੁੰਚ ਰਹੀ ਹੈ।
ਇਹ ਵੀ ਪੜ੍ਹੋ: ਸੁਨੀਲ ਜਾਖੜ ਦੀ CM ਚੰਨੀ-ਸਿੱਧੂ ਜੋੜੀ ਨੂੰ ਨਸੀਹਤ, ਪੰਜਾਬ ਕਾਂਗਰਸ ਦੇ ਭਵਿੱਖ ਲਈ ਹੋਣ ਇਕਜੁੱਟ
ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ’ਚ ਵਾਪਰੀ ਸੀ ਬੇਅਦਬੀ ਦੀ ਘਟਨਾ, ਭੀੜ ਨੇ ਕਤਲ ਕੀਤਾ ਮੁਲਜ਼ਮ
ਜ਼ਿਕਰਯੋਗ ਹੈ ਕਿ ਬੀਤੇ ਦਿਨ ਸਿੱਖਾਂ ਦੇ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ’ਚ ਇਕ ਨੌਜਵਾਨ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਨੌਜਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਮੱਥਾ ਟੇਕਣ ਪੁੱਜਾ ਤਾਂ ਅਚਾਨਕ ਗਰਿੱਲ ਟੱਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਪਹੁੰਚ ਗਿਆ, ਜਿੱਥੋਂ ਉਸ ਨੇ ਸ੍ਰੀਸਾਹਿਬ (ਕ੍ਰਿਪਾਨ) ਨੂੰ ਚੁੱਕ ਲਿਆ। ਮੌਕੇ ’ਤੇ ਮੌਜੂਦ ਕਰਮਚਾਰੀਆਂ ਵੱਲੋਂ ਉਸ ਨੂੰ ਫੜ ਲਿਆ ਗਿਆ ਸੀ, ਜਿਸ ਤੋਂ ਬਾਅਦ ਭੀੜ ਨੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ ਅਤੇ ਉਸ ਨੇ ਦਮ ਤੋੜ ਦਿੱਤਾ। ਇਸ ਮਾਮਲੇ ’ਚ ਫਿਲਹਾਲ ਉਕਤ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਸ ਨੇ ਇਸ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਹੈ। ਪੁਲਸ ਨੇ ਧਾਰਾ 295 ਏ. ਅਤੇ 307 ਦਾ ਮਾਮਲਾ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਦੀ ਲਾਸ਼ ਨੂੰ ਪਛਾਣ ਲਈ ਮੋਰਚਰੀ ’ਚ ਰੱਖਵਾ ਦਿੱਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਦੋਂ ਤੱਕ ਮੁਲਜ਼ਮ ਦਾ ਪੋਸਟਮਾਰਟਮ ਨਹੀਂ ਹੋਵੇਗਾ ਜਦੋਂ ਤੱਕ ਉਕਤ ਵਿਅਕਤੀ ਦੀ ਪਛਾਣ ਨਹੀਂ ਹੁੰਦੀ।
ਉਥੇ ਹੀ ਇਸ ਮਾਮਲੇ ਵਿੱਚ ਐੱਸ. ਐੱਸ. ਪੀ. ਕਪੂਰਥਲਾ ਦਾ ਕਹਿਣਾ ਹੈ ਕਿ ਇਹ ਮਾਮਲਾ ਚੋਰੀ ਦਾ ਹੈ। ਚੋਰ ਸਿਲੰਡਰ ਚੋਰੀ ਕਰਨ ਦੇ ਇਰਾਦੇ ਨਾਲ ਗੁਰਦੁਆਰੇ `ਚ ਆਇਆ ਸੀ।
ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਕਾਂਗਰਸ 'ਤੇ ਤੰਜ, ਕਿਹਾ-ਜਿਨ੍ਹਾਂ ਦੀ ਆਪਸ 'ਚ ਨਹੀਂ ਬਣਦੀ ਉਹ ਪੰਜਾਬ ਦਾ ਕੀ ਸੰਵਾਰਨਗੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ