ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕਰਵਾਇਆ ਗੁਰਮਤਿ ਸਮਾਗਮ

Saturday, Mar 23, 2019 - 04:28 AM (IST)

ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕਰਵਾਇਆ ਗੁਰਮਤਿ ਸਮਾਗਮ
ਕਪੂਰਥਲਾ (ਸੋਢੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮੇਂ 18 ਸ੍ਰੀ ਆਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਪੂਰਾ ਦਿਨ ਧਾਰਮਿਕ ਦੀਵਾਨ ਸਜਾਏ ਗਏ। ਵਿਦਵਾਨ ਕਥਾ ਵਾਚਕ ਭਾਈ ਗੁਰਪ੍ਰੀਤ ਸਿੰਘ ਨੇ ਗੁਰਬਾਣੀ ਦੀ ਕਥਾ ਕਰਦੇ ਹੋਏ ਕਿਹਾ ਕਿ ਜੇ ਉਹ ਸਦਾ ਕਾਇਮ ਰਹਿਣ ਵਾਲਾ ਖਸਮ ਪ੍ਰਭੂ ਸਾਨੂੰ ਭੁੱਲ ਜਾਏ ਤਾਂ ਜਗਤ ’ਚ ਸਾਡਾ ਜੀਵਨ ਫਿਟਕਾਰਯੋਗ ਹੋ ਜਾਂਦਾ ਹੈ ਪਰ ਜਿਸ ਮਨੁੱਖ ’ਤੇ ਪ੍ਰਭੂ ਆਪ ਮਿਹਰ ਦੀ ਨਿਗਾਹ ਕਰਦਾ ਹੈ, ਉਸਨੂੰ ਪ੍ਰਭੂ ਹਮੇਸ਼ਾ ਚੇਤੇ ਰਹਿੰਦਾ ਹੈ। ਉਹ ਆਪਣੇ ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰੀ ਨਾਮ ’ਚ ਸੁਰਤੀ ਇਕਾਈ ਰੱਖਦਾ ਹੈ। ਉਨ੍ਹਾਂ ਕਿਹਾ ਕਿ ਉਹ ਸੱਚਾ ਪਾਤਸ਼ਾਹ ਨਿਰੰਕਾਰ ਧੰਨ ਹੈ, ਜਿਸਨੇ ਸਾਰਾ ਹੀ ਜਗਤ ਧੰਦੇ ਲਗਾਇਆ ਹੋਇਆ ਹੈ। ਉਸ ਅਕਾਲ ਪੁਰਖ ਦਾ ਸਿੰਘਾਸਣ ਸਦਾ ਕਾਇਮ ਕਰਦਾ ਹੈ। ਉਸਦੇ ਹੁਕਮ ਅਨੁਸਾਰ ਹੀ ਸਾਰੀ ਕਾਇਨਾਤ ਚੱਲਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਝਾਉਂਦੇ ਹਨ ਕਿ ਜਦੋਂ ਮਨੁੱਖਾ ਜਨਮ ਦੇ ਸਮੇਂ ਦੀ ਮੋਹਲਤ ਪੁੱਗ ਗਈ ਜਦੋਂ ਦਿੱਤੇ ਹੋਏ ਸਵਾਸ ਮੁੱਕ ਗਏ, ਉਦੋਂ ਪ੍ਰਾਣੀ ਤੂੰ ਇਸ ਸੰਸਾਰ ਤੋਂ ਤੁਰ ਜਾਣਾ ਹੈ। ਜਿਵੇਂ ਜਮਾਂ ਦੇ ਦੂਤਾਂ ਨੂੰ ਪ੍ਰਮੇਸ਼ਰ ਦਾ ਹੁਕਮ ਮਿਲਿਆ, ਉਨ੍ਹਾਂ ਪ੍ਰਾਣੀ ਦੀ ਜਿੰਦ ਕੱਢ ਕੇ ਅੱਗੇ ਲਾ ਲੈਣਾ ਹੈ। ਜਿੰਨਾਂ ਨੂੰ ਆਪਣੇ ਅਹੁਦੇ ਪਦਵੀਆਂ ਦਾ ਹੰਕਾਰ ਸੀ, ਉਹ ਵੀ ਪ੍ਰਮੇਸ਼ਰ ਦੇ ਆਏ ਹੁਕਮ ਅੱਗੇ ਬੇਵੱਸ ਹੋ ਜਾਂਦੇ ਹਨ ਤੇ ਜਦੋਂ ਹੁਕਮ ਆ ਗਿਆ। ਇਸ ਸੰਸਾਰ ਤੋਂ ਸੱਭ ਨੂੰ ਜਾਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਉਸ ਅਕਾਲ ਪੁਰਖ ਦਾ ਸਦਾ ਸਿਮਰਨ ਕਰਨ ਲਈ ਪ੍ਰੇਰਨਾ ਕਰਦੇ ਹਨ ਕਿ ਅੱਗੇ ਜਾ ਕੇ ਕਿਸੇ ਦਾ ਹੁਕਮ ਨਹੀ ਚੱਲਦਾ, ਸਾਰੇ ਹੀ ਲੋਕਾਂ ਦਾ ਕੀਤੇ ਹੋਏ ਕਰਮਾਂ ਦਾ ਲੇਖਾ ਹੋਣਾ ਹੈ ਤੇ ਉਸੇ ਅਨੁਸਾਰ ਹੀ ਸਜਾਵਾਂ ਮਿਲਦੀਆਂ ਹਨ। ਇਸ ਸਮੇਂ ਉਨ੍ਹਾਂ ਨਾਲ ਭਾਈ ਗੁਰਦੀਪ ਸਿੰਘ ਗ੍ਰੰਥੀ ਨੇ ਗੁਰਬਾਣੀ ਦਾ ਹੁਕਮਨਾਮਾ ਸਰਵਨ ਕਰਵਾਇਆ ਤੇ ਉਪਰੰਤ ਭਾਈ ਦਿਲਬਾਗ ਸਿੰਘ, ਭਾਈ ਮਨਜੀਤ ਸਿੰਘ, ਭਾਈ ਭਜਨ ਸਿੰਘ, ਭਾਈ ਬਲਬੀਰ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਜਗਜੀਤ ਸਿੰਘ ਦੇ ਹਜ਼ੂਰੀ ਰਾਗੀ ਜਥਿਆਂ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਸਮਾਗਮ ’ਚ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ, ਭਾਈ ਸੁਰਜੀਤ ਸਿੰਘ ਹੈਡ ਗ੍ਰੰਥੀ, ਭਾਈ ਹਰਜਿੰਦਰ ਸਿੰਘ ਚੰਡੀਗਡ਼੍ਹ, ਭਾਈ ਕਸ਼ਮੀਰ ਸਿੰਘ, ਭਾਈ ਮਲਕੀਤ ਸਿੰਘ, ਨਵਜੋਤ ਸਿੰਘ ਆਦਿ ਨੇ ਸ਼ਿਰਕਤ ਕੀਤੀ।

Related News